ਚੰਡੀਗੜ੍ਹ- ਪੰਜਾਬ ‘ਚ ਬਰਸਾਤ ਨੇ ਸੂਬੇ ਵਿਚ ਠੰਡ ਵਧਾ ਦਿੱਤੀ ਹੈ। ਇਸ ਮੀਂਹ ਦੇ ਨਾਲ-ਨਾਲ ਪਹਾੜਾਂ ਵਿਚ ਹੋਈ ਬਰਫ਼ਬਾਰੀ ਕਾਰਨ ਵੀ ਸੂਬੇ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰ ਤੋਂ ਹੀ ਕਈ ਇਲਾਕਿਆਂ ਵਿਚ ਧੁੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ‘ਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ।
ਸੀਤ ਲਹਿਰ ਦੀ ਚਿਤਾਵਨੀ ਦੇ ਵਿਚਕਾਰ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਐਨਸੀਆਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿਚ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ।
ਜੰਮੂ-ਕਸ਼ਮੀਰ ਵਿਚ ਬਣੀਆਂ ਦੋ ਪੱਛਮੀ ਗੜਬੜੀਆਂ ਕਾਰਨ ਉੱਤਰੀ ਭਾਰਤ ਵਿਚ ਮੀਂਹ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ’ਚ ਕੱਲ੍ਹ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਡੇ ਇਲਾਕੇ ਦਰਜ ਕੀਤੇ ਗਏ ਜਿੱਥੇ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਰਿਹਾ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਕਹਿਰ ਦੀ ਠੰਡ ਪੈਣ ਦੀ ਸੰਭਾਵਨਾ ਹੈ।