
ਸ਼ਿਮਲਾ : ਦੇਵਭੂਮੀ ਹਿਮਾਚਲ ਦੇ ਸੈਲਾਨੀ ਸਥਾਨਾਂ ਵਿਚ ਨਵੇਂ ਵਰ੍ਹੇ ਦੇ ਸਵਾਗਤ ਲਈ ਸੈਲਾਨੀ ਪੁੱਜਣ ਲੱਗੇ ਹਨ। ਸੂਬੇ ਦੇ ਜ਼ਿਆਦਾਤਰ ਹੋਟਲ ਭਰ ਗਏ ਹਨ ਜਦਕਿ ਨਵੇਂ ਸਾਲ ਲਈ 90 ਤੋਂ 95 ਫ਼ੀਸਦ ਤੱਕ ਅਡਵਾਂਸ ਬੁਕਿੰਗ ਹੈ। ਪੰਜ ਸਿਤਾਰਾ, ਤਿੰਨ ਸਿਤਾਰਾ ਤੇ ਹੋਰ ਵੱਡੇ ਹੋਟਲਾਂ ਵਿਚ ਕਮਰੇ ਬਿਨਾਂ ਬੁਕਿੰਗ ਦੇ ਨਹੀਂ ਮਿਲ ਰਹੇ ਹਨ। ਸੈਲਾਨੀ ਪਹਿਲਾਂ ਹੀ ਹੋਟਲ ਵਿਚ ਕਮਰਾ ਬੁੱਕ ਕਰਵਾ ਕੇ ਆਉਣਗੇ ਤਾਂ ਪਰੇਸ਼ਾਨੀ ਨਹੀਂ ਝਲਣੀ ਪਵੇਗੀ। ਅਗਲੇ ਦੋ ਦਿਨਾਂ ਦੌਰਾਨ ਸੂਬੇ ਦੀਆਂ ਸੈਲਾਨੀ ਥਾਵਾਂ ਪੂਰੀ ਤਰ੍ਹਾਂ ਭਰ ਜਾਣਗੀਆਂ। ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ਵਿਚ ਭਾਰੀ ਗਿਣਤੀ ਵਿਚ ਸੈਲਾਨੀ ਪੁੱਜ ਚੁੱਕੇ ਹਨ। ਇਹ ਸੈਲਾਨੀ ਕੁਫਰੀ, ਮਨਾਲੀ ਵਿਚ ਬਰਫ਼ ਨਾਲ ਢਕੇ ਖੇਤਰਾਂ ਵਿਚ ਠਹਿਰਣਾ ਵੱਧ ਪਸੰਦ ਕਰਦੇ ਹਨ। ਮੌਸਮ ਵਿਭਾਗ ਨੇ 2 ਜਨਵੀਰ ਤੋਂ ਪੱਛਮੀ ਪੌਣਾਂ ਦੀ ਗੜਬੜ ਸਰਗਰਮ ਹੋਣ ਨਾਲ ਬਰਫ਼ਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਅਜਿਹੇ ਵਿਚ ਸੈਲਾਨੀਆਂ ਨੇ ਚਾਰ ਜਨਵਰੀ ਤੱਕ ਅਡਵਾਂਸ ਬੁਕਿੰਗ ਕਰਵਾਈ ਹੋਈ ਹੈ।