ਸਨੌਰ : ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਲਈ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ‘ਚ ਸੋਮਵਾਰ ਨੂੰ ਮੁਕੰਮਲ ਪੰਜਾਬ ਬੰਦ ਨੂੰ ਬਲਾਕ ਸਨੌਰ, ਜੋੜੀਆ ਦੇ ਦੁਕਾਨਦਾਰਾਂ, ਟਰਾਂਸਪੋਟਰਾਂ ਤੇ ਵੱਖ -ਵੱਖ ਪਿੰਡਾਂ ਤੋਂ ਕਿਸਾਨ ਤੇ ਕਿਸਾਨ ਯੂਨੀਅਨਾਂ ਵੱਲੋਂ ਪਹੁੰਚ ਕੇ ਜੋੜੀਆ ਸੜਕਾਂ ਪਟਿਆਲਾ ਤੋਂ ਪਿਹੋਵਾ ਰਾਜ ਮਾਰਗ ਨੂੰ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਵਿਕਾਸ ਕਰ ਰਿਹਾ ਹੈ, ਪਰ ਵਿਕਾਸ ਦੇ ਮਾਪਦੰਡ ਕਿਸਾਨਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਹਨ ਅਤੇ ਕਾਰਪੋਰੇਟਾਂ ਦੇ ਹੱਕ ਵਿੱਚ ਝੁਕੀਆਂ ਹੋਈਆਂ ਹਨ। ਕਿਸਾਨ ਮੰਗ ਕਰਦੇ ਹਨ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀਆਂ ਫਸਲਾਂ ਦੀ ਸਹੀ ਕੀਮਤ ਤੈਅ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਕਿਸੇ ਕਿਸਾਨ ਆਗੂ ਨੇ ਕਿਸਾਨਾਂ ਦੇ ਹੱਕਾਂ ਲਈ ਆਪਣੀ ਜਾਨ ਦਲੀ ਤੇ ਰੱਖ ਦਿੱਤੀ ਹੈ ਜੋ ਕਿਸਾਨ ਜੱਥਬੰਦੀਆ ਕੇਂਦਰ ਸਰਕਾਰ ਦੇ ਇਸਾਰਿਆ ਤੇ ਚਲਦੀਆਂ ਸਨ ਉਹ ਕਹਿ ਰਹੀਆਂ ਹਨ ਕਿ ਜਗਜੀਤ ਸਿੰਘ ਡੱਲੇਵਾਲ ਸਭ ਡਰਾਮਾ ਕਰ ਰਿਹਾ ਹੈ ਜੋ ਜ਼ਿਆਦਾ ਲੰਬਾ ਸਮਾਂ ਨਹੀਂ ਚਲ ਸਕਦਾ, ਪ੍ਰੰਤੂ ਅੱਜ ਡੱਲੇਵਾਲ ਸਾਬ੍ਹ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਅੱਜ ਉਨ੍ਹਾਂ ਦੇ ਨਾਲ ਪੂਰਾ ਸੂਬਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਗਿਆ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਲਾਸ਼ ਇਥੇ ਰੱਖੀ ਜਾਵੇ ਤੇ ਹੋਰ ਕਿਸਾਨ ਆਗੂ ਮਰਨ ਵਰਤ ਲੜੀ ਨੂੰ ਅੱਗੇ ਚਲਾਉਣ।