ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

ਨਵਾਂਸ਼ਹਿਰ — ਮੌਸਮ ਵਿਚ ਆਏ ਬਦਲਾਅ ਕਾਰਨ ਠੰਡ ਵਿਚ ਵਾਧਾ ਹੋਣ ਲੱਗਾ ਹੈ। ਉਥੇ ਹੀ ਠੰਡ ਤੋਂ ਬਚਣ ਲਈ ਲੋਕ ਘਰਾਂ ਅੰਦਰ ਬੰਦ ਕਮਰੇ ਵਿਚ ਅੰਗੀਠੀ ਬਾਲਦੇ ਹਨ, ਜੋਕਿ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਵਲ ਸਰਜਨ ਡਾ. ਜਸਵੀਰ ਕੌਰ ਨੇ ਪ੍ਰੈੱਸ ਜਾਣਕਾਰੀ ਵਿੱਚ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਸੂਬੇ ਭਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਉੱਥੇ ਹੀ ਖ਼ੁਸ਼ਕ ਸ਼ਰਦੀ ਦੇ ਮੌਸਮ ਤੋਂ ਛੁਟਕਾਰੇ ਨਾਲ ਲੋਕਾਂ ਨੂੰ ਬੀਮਾਰੀਆਂ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਨਾਲ ਹੀ ਮੀਂਹ ਕਾਰਨ ਇਲਾਕੇ ਵਿੱਚ ਠੰਡ ਦੀ ਲਹਿਰ ਨੇ ਹੋਰ ਜ਼ੋਰ ਫੜ ਲਿਆ ਹੈ। ਸੀਤ ਲਹਿਰ ਦੇ ਚੱਲਦਿਆਂ ਇਸ ਤੋਂ ਬਚਾਅ ਸਬੰਧੀ ਉਨ੍ਹਾਂ ਸਿਹਤ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਖ਼ੁਸ਼ਕ ਸਰਦੀ ਦੇ ਮੌਸਮ ਵਿਚ ਬੱਚੇ, ਬਜ਼ੁਰਗ ਅਤੇ ਨੌਜਵਾਨ ਖੰਘ, ਜ਼ੁਕਾਮ, ਗਲਾ ਖ਼ਰਾਬ ਅਤੇ ਬੁਖ਼ਾਰ ਦੀ ਲਪੇਟ ਵਿੱਚ ਆ ਰਹੇ ਸਨ।

ਮੌਸਮ ਵਿੱਚ ਤਬਦੀਲੀ ਨਾਲ ਲਗਾਤਾਰ ਘਟ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਹਪ੍ਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਆਮ ਲੋਕਾਂ ਖ਼ਾਸ ਕਰ ਬਜ਼ੁਰਗਾਂ ਅਤੇ ਬੱਚਿਆਂ ਲਈ ਠੰਡ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਗੰਭੀਰ ਮੈਡੀਕਲ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਬਜ਼ੁਰਗ, ਬੱਚੇ ਅਤੇ ਦਿਲ ਦੇ ਰੋਗਾਂ ਦੇ ਮਰੀਜ਼ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ ਕਰਨ। ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੋਨੀਆ ਹੋਣ ਦਾ ਖ਼ਤਰਾ ਜਿਆਦਾ ਰਹਿੰਦਾ ਹੈ ਅਤੇ ਠੰਡ ਲੱਗਣ ਨਾਲ ਛੋਟੇ ਬੱਚਿਆਂ ਨੂੰ ਉਲਟੀ, ਦਸਤ ਵੀ ਲੱਗ ਸਕਦੇ ਹਨ। ਇਸ ਲਈ ਬੱਚਿਆਂ ਦੀ ਸੰਭਾਲ ਵੱਲ ਖ਼ਾਸ ਧਿਆਨ ਦਿੰਦੇ ਹੋਏੇ ਸਰਦੀ ਤੋਂ ਬਚਾਅ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਪੈਰਾਂ ਵਿੱਚ ਜੁਰਾਬਾਂ ਜ਼ਰੂਰ ਪਾਈਆਂ ਜਾਣ।

ਉਨ੍ਹਾਂ ਦੱਸਿਆ ਕਿ ਸਰੀਰ ਦੇ ਤਾਪਮਾਨ ਵਿੱਚ ਗਿਰਾਵਟ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਦੀ ਕਠੋਰਤਾ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਉਨ੍ਹਾਂ ਸੁਝਾਅ ਦਿੱਤਾ ਹੈ ਕਿ ਕਾਂਬੇ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਸਰੀਰ ਵਿੱਚ ਗਰਮੀ ਦੀ ਕਮੀ ਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇਕ ਹੈ। ਡਾ. ਕੌਰ ਨੇ ਦੱਸਿਆ ਕਿ ਠੰਡ ਤੋਂ ਬਚਾਅ ਲਈ ਢੁੱਕਵੇਂ ਪ੍ਰਬੰਧ ਬਹੁਤ ਜ਼ਰੂਰੀ ਹਨ।

Leave a Reply

Your email address will not be published. Required fields are marked *