ਚੰਡੀਗੜ੍ਹ, ਪੰਜਾਬ ਪੁਲੀਸ ਨੇ ਹਾਲ ਹੀ ਵਿਚ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲੀਸ ਸਟੇਸ਼ਨ ’ਤੇ ਕਥਿਤ ਤੌਰ ‘ਤੇ ਗ੍ਰਨੇਡ ਹਮਲਾ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਹਮਲਾ 17 ਦਸੰਬਰ ਦੀ ਸਵੇਰ ਨੂੰ ਕੀਤਾ ਗਿਆ ਸੀ, ਹਾਲਾਂਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅੰਮ੍ਰਿਤਸਰ ਵਿੱਚ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਵਿਦੇਸ਼ ਦੇ ਕੰਟਰੋਲਰਾਂ ਦੁਆਰਾ ਚਲਾਏ ਜਾ ਰਹੇ ਇੱਕ ਨਾਰਕੋ-ਟੇਰਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਡੀਜੀਪੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਅੰਮ੍ਰਿਤਸਰ ਦੇ ਡਾਂਡਾ ਤੋਂ ਗੁਰਜੀਤ ਸਿੰਘ ਅਤੇ ਤਰਨਤਾਰਨ ਦੇ ਛਾਪਾ ਤੋਂ ਬਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਨੇ 17 ਦਸੰਬਰ, 2024 ਨੂੰ ਇਸਲਾਮਾਬਾਦ ਪੁਲੀਸ ਸਟੇਸ਼ਨ ’ਤੇ ਗ੍ਰਨੇਡ ਹਮਲਾ ਕੀਤਾ ਸੀ।”
ਉਨ੍ਹਾਂ ਦੱਸਿਆ ਕਿ 1.4 ਕਿਲੋ ਹੈਰੋਇਨ ਇੱਕ ਹੈਂਡ ਗਰਨੇਡ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਨੇ ਅੱਗੇ ਕਿਹਾ ਕਿ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।