ਨਵਜੋਤ ਸਿੱਧੂ ਤੇ ਰਾਘਵ ਚੱਢਾ ਵਿਚਾਲੇ ਜ਼ਬਰਦਸਤ ਟਵਿੱਟਰ ਵਾਰ, ਇਕ-ਦੂਜੇ ‘ਤੇ ਲਾਏ ਗੰਭੀਰ ਦੋਸ਼

navjot/nawanpunjab.com

ਨਵੀਂ ਦਿੱਲੀ, 18 ਸਤੰਬਰ (ਦਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦਰਮਿਆਨ ਸਿਆਸੀ ਸੰਘਰਸ਼ ਤੇਜ਼ ਹੋ ਗਿਆ ਹੈ। ਸਿਆਸੀ ਪਾਰਟੀਆਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀਆਂ। ਇਸ ਦੌਰਾਨ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਚੱਢਾ ਦਰਮਿਆਨ ਜ਼ਬਰਦਸਤ ਟਵਿੱਟਰ ਵਾਰ ਹੋਈ, ਜਿਸ ਤੋਂ ਬਾਅਦ ਇਕ-ਦੂਜੇ ‘ਤੇ ਦੋਸ਼ ਲਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ।
ਆਪਣੇ ਟਵੀਟ ‘ਚ ਰਾਘਵ ਚੱਢਾ ਨੇ ਸਿੱਧੂ ਦੀ ਤੁਲਨਾ ਰਾਖੀ ਸਾਵੰਤ ਨਾਲ ਕੀਤੀ ਤਾਂ ਸਿੱਧੂ ਨੇ ਚੱਢਾ ਦੀ ਤੁਲਨਾ ਇਕ ਬਾਂਦਰ ਨਾਲ ਕਰ ਦਿੱਤੀ। ਸਿੱਧੂ ਤੇ ਰਾਘਵ ਚੱਢਾ ਵਿਚਾਲੇ ਇਸ ਟਵੀਟ ਵਾਰ ‘ਚ ਕਈ ਲੋਕ ਵੀ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਦੀ ਸਾਬਕਾ ਮੈਂਬਰ ਤੇ ਕਾਂਗਰਸੀ ਆਗੂ ਅਲਕਾ ਲਾਂਬਾ ਨੇ ਇਸ ਮਾਮਲੇ ‘ਚ ਲਿਖਿਆ ਹੈ ਕਿ ਰਾਘਵ ਚੱਢਾ ਦੇ ਇਸ ਟਵੀਟ ਤੋਂ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਝਲਕਦੀ ਹੈ। ਇਹ ਸਿੱਧੇ ਤੌਰ ‘ਤੇ ਰਾਸ਼ਟਰੀ ਸਵੈਮ ਸੰਘ ਦੀ ਸੋਚ ਦਾ ਨਮੂਨਾ ਹੈ। ਲੋਕਾਂ ਨੇ ਲਿਖਿਆ ਕਿ ਰਾਖੀ ਸਾਵੰਤ ਦੇ ਨਾਂ ‘ਤੇ ਜੋ ਬਿਆਨਬਾਜ਼ੀ ਕੀਤੀ ਗਈ ਹੈ, ਉਹ ਰਾਖੀ ਸਾਵੰਤ ਹੀ ਨਹੀਂ, ਸਗੋਂ ਮਹਿਲਾ ਸਮਾਜ ਦਾ ਅਪਮਾਨ ਹੈ।
ਕੁੱਝ ਲੋਕਾਂ ਨੇ ਇਹ ਵੀ ਲਿਖਿਆ ਕਿ ਆਖ਼ਰ ਰਾਖੀ ਸਾਵੰਤ ਨੇ ਗਲਤ ਕੀ ਕੀਤਾ ਹੈ, ਜੋ ਉਨ੍ਹਾਂ ਨੂੰ ਇਸ ਸਿਆਸੀ ਲੜਾਈ ‘ਚ ਘੜੀਸਿਆ ਜਾ ਰਿਹਾ ਹੈ। ਇਸ ਮਾਮਲੇ ‘ਚ ਲੋਕਾਂ ਨੇ ਰਾਘਵ ਚੱਢਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਦਰਅਸਲ ਰਾਘਵ ਚੱਢਾ ਦੇ ਟਵੀਟ ਤੋਂ ਪਹਿਲਾਂ ਸਵੇਰੇ ਨਵਜੋਤ ਸਿੱਧੂ ਨੇ ਇਕ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਇਕ ਵੀਡੀਓ ਵੀ ਜਾਰੀ ਕੀਤੀ ਸੀ। ਇਸ ਵੀਡੀਓ ‘ਚ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਉਸ ਨੋਟੀਫਿਕੇਸ਼ਨ ‘ਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ‘ਚ ਉਨ੍ਹਾਂ 3 ਕਿਸਾਨ ਬਿੱਲਾਂ ਨੂੰ ਲੈ ਕੇ ਚਰਚਾ ਕੀਤੀ ਸੀ।
ਵੀਡੀਓ ‘ਚ ਵੀ ਸਿੱਧੂ ਨੇ ਕਿਹਾ ਸੀ ਕਿ ਦਸੰਬਰ-2019 ‘ਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਐਮ. ਐਸ. ਪੀ. ਨਾਲ ਸਬੰਧਿਤ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਜਿਸ ‘ਚ ਉਨ੍ਹਾਂ ਨਿੱਜੀ ਮੰਡੀਆਂ ਨੂੰ ਲੈ ਕੇ 3 ਬਿੱਲਾਂ ‘ਚੋਂ ਇਕ ਬਿੱਲ ‘ਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵਿਵਸਥਾ ਅੱਜ ਵੀ ਦਿੱਲੀ ‘ਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਵੀਰਵਾਰ ਨੂੰ ਅਕਾਲੀ ਦਲ ਨੂੰ ਵੀ ਘੇਰਿਆ ਸੀ।

Leave a Reply

Your email address will not be published. Required fields are marked *