ਜਿਮਨੀ ਚੋਣ: ਵਿਰੋਧੀਆਂ ਦੇ ਕਾਗਜ਼ ਰੱਦ; ਰੋਸ ਵਜੋਂ ਹਾਈਵੇਅ ਜਾਮ

ਮਲੋਟ, ਇਥੋਂ ਦੇ ਵਾਰਡ ਨੰਬਰ 12 ਦੀ ਜ਼ਿਮਨੀ ਚੋਣ ਸਬੰਧੀ ਅਕਾਲੀ ਦਲ , ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਉਪਰੰਤ ਸਾਰੀਆਂ ਪਾਰਟੀਆਂ ਦੇ ਵਰਕਰ ਅਤੇ ਆਗੂਆਂ ਵੱਲੋਂ ਸ਼ਹਿਰ ਵਿਚੋਂ ਲੰਘਦੇ ਨੈਸ਼ਨਲ ਹਾਈਵੇਅ ਨੂੰ ਜਾਮ ਕਰਕੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਇਸ ਕਾਰਵਾਈ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੇ ਕਿਹਾ ਕਿ ਵੋਟਾਂ ਰਾਹੀਂ ਜਿੱਤ-ਹਾਰ ਹੋਣੀ ਵੱਖਰੀ ਗੱਲ ਹੈ, ਪਰ ਕਿਸੇ ਨੂੰ ਚੋਣ ਲੜਨ ਅਤੇ ਵੋਟ ਪਾਉਣ ਦੇ ਅਧਿਕਾਰ ਤੋਂ ਹੀ ਵਾਂਝਾ ਕਰ ਦੇਣਾ, ਕਿੰਨਾ ਕੁ ਜਾਇਜ਼ ਹੈ? ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰ ਅਤੇ ਇਸ ਦੇ ਨੁਮਾਇੰਦਿਆਂ ਦੇ ਦਬਾਅ ਹੇਠ ਕਾਗਜ਼ਾਂ ਵਿਚ ਨਾਜਾਇਜ਼ ਨੁਕਸ ਕੱਢ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਕਾਗਜ਼ ਰੱਦ ਕੀਤੇ ਹਨ। ਧਰਨੇ ਵਿਚ ਮੌਜੂਦ ਕਾਂਗਰਸ ਦੀ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ। ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਹ ਇਸ ਧੱਕੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸ ਮੌਕੇ ਵੱਖ ਵੱਖ ਪਾਰਟੀਆਂ ਦੇ ਆਗੂ ਚੇਅਰਮੈਨ ਬਲਕਾਰ ਸਿੰਘ ਔਲਖ, ਨਰਸਿੰਗ ਦਾਸ ਚਲਾਣਾ, ਐਡਵੋਕੇਟ ਜਸਪਾਲ ਔਲਖ, ਗੋਲਡੀ ਭੁੱਲਰ, ਅਸ਼ਵਨੀ ਡਾਵਰ ਆਦਿ ਹਾਜ਼ਰ ਸਨ। ਓਧਰ ਇਸ ਬਾਬਤ ਉੱਪ ਮੰਡਲ ਮੈਜਿਸਟਰੇਟ ਪੀਸੀਐਸ ਸੰਜੀਵ ਕੁਮਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ

Leave a Reply

Your email address will not be published. Required fields are marked *