ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਸਜ਼ਾ ਦੇ ਰੂਪ ਵਿੱਚ ਸੇਵਾ ਨਿਭਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਅੱਜ ਸਵੇਰ ਸਮੇਂ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਗਏ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਚੱਪੇ-ਚੱਪੇ ਤੇ ਤਾਇਨਾਤ ਪੁਲੀਸ ਕਰਮੀ ਤਾਇਨਾਤ ਕੀਤੇ ਹੋਏ ਹਨ। ਇੱਥੇ ਪੁੱਜਣ ਮੌਕੇ ਸੁਰੱਖਿਆ ਕਰਮੀਆਂ, ਮਹਿਲਾ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸੁਖਬੀਰ ਬਾਦਲ ਨੂੰ ਘੇਰਾ ਬਣਾ ਕੇ ਗੱਡੀ ਤੋਂ ਤਖ਼ਤ ਕੇਸਗੜ ਸਾਹਿਬ ਤੱਕ ਪਹੁੰਚਾਇਆ ਗਿਆ।
ਦੱਸਣ ਯੋਗ ਹੈ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਦੁਆਰ ਤੇ ਉਹਨਾਂ ਵੱਲੋਂ ਹੱਥ ਵਿੱਚ ਬਰਛਾ ਫੜ ਕੇ ਸੇਵਾਦਾਰ ਦੀ ਡਿਊਟੀ ਨਿਭਾਈ ਜਾ ਰਹੀ ਹੈ। ਇੱਕ ਘੰਟਾ ਸੇਵਾਦਾਰ ਦੀ ਡਿਊਟੀ ਨਿਭਾਉਣ ਉਪਰੰਤ ਉਹਨਾਂ ਵੱਲੋਂ ਇੱਕ ਘੰਟਾ ਗੁਰਬਾਣੀ ਕੀਰਤਨ ਸੁਣਿਆ ਜਾਵੇਗਾ ਅਤੇ ਉਸ ਉਪਰੰਤ ਇੱਕ ਘੰਟੇ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਖੇ ਪੁੱਜ ਕੇ ਜੂਠੇ ਬਰਤਨ ਮਾਂਜਣ ਦੀ ਸੇਵਾ ਕੀਤੀ ਜਾਵੇਗੀ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਬੰਟੀ ਰੁਮਾਣਾ, ਅਰਸ਼ਦੀਪ ਸਿੰਘ ਕਲੇਰ, ਭਾਈ ਅਮਰਜੀਤ ਸਿੰਘ ਚਾਵਲਾ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਗੁਰਪ੍ਰੀਤ ਸਿੰਘ ਝੱਬਰ ਸਮੇਤ ਤੇ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਰਹੇ ਸਨ।