ਸੰਤ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਚੁੱਕਿਆ ਕੈਂਸਰ ਪੀੜਤਾਂ ਦਾ ਮੁੱਦਾ


ਸ਼ੁਲਤਾਨਪੁਰ ਲੋਧੀ,ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਾਰਲੀਮੈਂਟ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ ਗੰਭੀਰਤਾ ਨਾਲ ਚੁੱਕਦਿਆ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਕੈਂਸਰ ਪੀੜਤਾਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਵੇ। ਸੰਤ ਸੀਚੇਵਾਲ ਵੱਲੋ ਕੈਂਸਰ ਪੀੜਤਾਂ ਬਾਰੇ ਸਪਸ਼ੈਲ ਮੈਨਸ਼ਨ ਵਿੱਚ ਇਸ ਮੁੱਦੇ ਨੂੰ ਚੁੱਕਦਿਆ ਕਿਹਾ ਕਿ ਕੈਂਸਰ ਦਾ ਇਲਾਜ ਬੜਾ ਮਹਿੰਗਾ ਹੈ ਤੇ ਮਿਹਨਤਕਸ਼ ਲੋਕ ਇਲਾਜ ਕਰਵਾਉਣ ਤੋਂ ਅਸਮਰੱਥ ਹਨ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਕੈਂਸਰ ਪੀੜਤਾਂ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਵੇ। ਉਨ੍ਹਾਂ ਸਦਨ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਵਿੱਚ ਰੋਜ਼ਾਨਾ 105 ਲੋਕ ਕੈਂਸਰ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਵਿੱਚ ਇਸ ਵੇਲੇ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਅਧੀਨ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਰਿਪੋਰਟ ਅਨੁਸਾਰ ਸਾਲ 2022 ਵਿੱਚ 1.4 ਮਿਲੀਅਨ ਤੋਂ ਵੱਧ ਨਵੇਂ ਕੇਸਾਂ ਦਾ ਅਨੁਮਾਨ ਲਗਾਇਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਰੋਜ਼ਾਨਾ 4109 ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਅੰਕੜਾ ਖਤਰਨਾਕ ਰੁਝਾਨ ਵੱਲ ਇਸ਼ਾਰਾ ਕਰਦਾ ਹੈ ਕਿਉਂਕਿ ਕੈਂਸਰ ਦੀ ਮਾਰ ਹੇਠ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹਰ ਸਾਲ ਤੇਜ਼ੀ ਨਾਲ ਵੱਧ ਰਹੀ ਹੈ। ਪੰਜਾਬ ਜਿਸਨੂੰ ਦੇਸ਼ ਦੀ ਖੜਕ ਭੁੱਜਾ ਵੀ ਕਿਹਾ ਜਾਂਦਾ ਹੈ, ਪੰਜਾਬ ਦੇ ਜਵਾਨ ਤੇ ਕਿਸਾਨ ਦੇਸ਼ ਦੀ ਰਾਖੀ ਅਤੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਇਸ ਸਿਹਤਮੰਦ ਸੂਬੇ ਪੰਜਾਬ ਵਿੱਚ ਵੀ ਹੁਣ ਕੈਂਸਰ ਨਾਲ ਮਾਰ ਹੇਠ ਆਉਣ ਵਾਲਿਆਂ ਦਾ ਅੰਕੜਾ ਰੋਜ਼ਾਨਾ 105 ਪ੍ਰਤੀ ਵਿਅਕਤੀ ਤੱਕ ਜਾ ਪਹੁੰਚਿਆ ਹੈ ਜੋ ਕਿ ਵੱਡੇ ਫਿਕਰ ਵਾਲੀ ਗੱਲ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਫੇਫੜਿਆਂ ਦਾ ਕੈਂਸਰ ਮਰਦਾਂ ਵਿੱਚ ਸਭ ਤੋਂ ਵੱਧ ਆਮ ਹੋ ਰਿਹਾ ਹੈ, ਜਦ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਕੈਂਸਰ ਹੁਣ ਛੋਟੀ ਉਮਰ ਦੇ ਬੱਚਿਆਂ, ਪਸ਼ੂ ਇੱਥੋਂ ਤੱਕ ਕਿ ਪੰਛੀਆਂ ਦੀ ਜ਼ਿੰਦਗੀ ਨੂੰ ਆਪਣੀ ਲਪੇਟ ਵਿੱਚ ਲੈਣ ਲੱਗ ਗਿਆ ਹੈ। ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਆਰਥਿਕ ਸਹਾਇਤਾ ਤਾਂ ਦਿੱਤੀ ਜਾ ਰਹੀ ਹੈ, ਪਰ ਉਹ ਬਹੁਤ ਹੀ ਘੱਟ ਹੈ।

ਇਲਾਜ਼ ਨਾ ਮਿਲਣ ਕਾਰਣ ਜਾਂ ਪੈਸੇ ਨਾ ਹੋਣ ਕਾਰਨ ਕਿਸੇ ਮਰੀਜ਼ ਦੀ ਮੌਤ ਹੋ ਜਾਣੀ, ਸਿਹਤ ਸਹੂਲਤਾਂ ‘ਤੇ  ਵੱਡਾ ਸਵਾਲ ਖੜ੍ਹਾ ਕਰਦੀ ਹੈ। ਦੇਸ਼ ਦੀ ਰੂਹ ਪਿੰਡਾਂ ਵਿੱਚ ਵਸਦੀ ਹੈ ਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਪੇਂਡੂ ਇਲਾਕਿਆਂ ਵਿੱਚ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਸਾਲ 2021 ਵਿੱਚ ਕਰੀਬ 7 ਲੱਖ 90 ਹਜ਼ਾਰ ਅਤੇ ਸਾਲ 2022 ਵਿੱਚ ਕਰੀਬ 9 ਲੱਖ ਲੋਕਾਂ ਦੀ ਮੌਤ ਦਾ ਕਾਰਨ ਕੈਂਸਰ ਦੱਸਿਆ ਗਿਆ।

Leave a Reply

Your email address will not be published. Required fields are marked *