ਸੁਖਬੀਰ ਬਾਦਲ ‘ਤੇ ਹਮਲੇ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

ਬਠਿੰਡਾ/ਅੰਮ੍ਰਿਤਸਰ – ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਨੂੰ ਬੇਹੱਦ ਮੰਦਭਾਗਾ ਤੇ ਦੁੱਖਦਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਜਿਹੜਾ ਵੀ ਆਉਂਦਾ ਹੈ ਉਹ ਆਪਣੇ ਆਪ ਨੂੰ ਭੈ-ਮੁਕਤ ਤੇ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਤ ਹੋਣ ਦੀ ਭਾਵਨਾ ਲੈ ਕੇ ਆਉਂਦਾ ਹੈ। ਇਸ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਮੰਦਭਾਗਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਸੋਂ ਜੋ ਫ਼ੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਇਆ, ਫ਼ਸੀਲ ‘ਤੇ ਸਿੰਘ ਸਾਹਿਬਾਨ ਵੱਲੋਂ ਇਹ ਗੱਲ ਦੁਰਹਾਈ ਗਈ ਸੀ ਕਿ ਇਹ ਫ਼ੈਸਲਾ ਬਿਨਾ ਕਿਸੇ ਦਬਾਅ ਜਾਂ ਡਰ ਤੋਂ ਸਿਰਫ਼ ਗੁਰੂ ਦੇ ਡਰ ਨਾਲ ਕੀਤਾ ਗਿਆ ਹੈ। ਕੱਲ ਵੀ ਅਸੀਂ ਉੱਥੇ ਹਾਜ਼ਰ ਹੋਏ ਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਜੋ ਫ਼ੈਸਲਾ ਕੀਤਾ ਹੈ ਤੁਹਾਡੀ ਰਜ਼ਾ ਵਿਚ ਤੁਹਾਡੀ ਹਜ਼ੂਰੀ ਵਿਚ ਕੀਤਾ ਹੈ। ਜੇ ਕੋਈ ਇਸ ਫ਼ੈਸਲੇ ਨੂੰ ਸੁਲਾਹੁੰਦਾ ਹੈ ਤਾਂ ਉਹ ਤੇਰੇ ਤਖ਼ਤ ਦੀ ਸਿਫ਼ਤ ਹੈ ਤੇ ਜੇ ਕੋਈ ਇਸ ਫ਼ੈਸਲਾ ਨੂੰ ਨਾਪਸੰਦ ਕਰਦਾ ਹੈ ਜਾਂ ਮੰਦਾ ਬੋਲਦਾ ਹੈ ਤਾਂ ਉਹ ਵੀ ਤੇਰੇ ਤਖ਼ਤ ਲਈ ਹੈ।

ਜਥੇਦਾਰ ਸਾਹਿਬ ਨੇ ਕਿਹਾ ਕਿ ਬਹੁਤ ਸਾਰੀਆਂ ਏਜੰਸੀਆਂ ਅਜਿਹੀਆਂ ਨੇ ਜਿੰਨ੍ਹਾਂ ਨੂੰ ਫ਼ੈਸਲੇ ਦੇ ਚੰਗੇ ਮਾੜੇ ਹੋਣ ਨਾਲ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੂੰ ਦਰਦ ਸਾਡੇ ਸੰਕਲਪ ਤੋਂ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਆ ਹੈ। ਇੱਥੇ ਕੋਈ ਵੱਡੇ ਤੋਂ ਵੱਡਾ ਕਿਉਂ ਨਾ ਹੋਵੇ ਉਸ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਕ ਐਸੀ ਸੋਚ ਹੈ ਜਿਸ ਨੂੰ ਸਾਡੇ ਇਸ ਸੰਕਲਪ ਤੋਂ ਨਫ਼ਰਤ ਹੈ। ਉਨ੍ਹਾਂ ਕਿਹਾ ਕਿ ਇਹ ਸੰਕਲਪ ਹਮੇਸ਼ਾ ਕਾਇਮ ਰਹੇਗਾ। ਤਖ਼ਤ ਤੇ ਜਿਹੜੇ ਫ਼ੈਸਲੇ ਗੁਰੂ ਦੇ ਭੈ ‘ਚ ਹੁੰਦੇ ਹਨ ਉਹ ਟਿਕ ਜਾਂਦੇ ਹਨ ਤੇ ਜਿਹੜੇ ਗੁਰੂ ਦੇ ਭੈ ਤੋਂ ਬਿਨਾ ਹੁੰਦੇ ਹਨ ਉਹ ਫ਼ੈਸਲੇ ਕਰਨ ਵਾਲੇ ਵੀ ਡਿੱਗ ਜਾਂਦੇ ਹਨ ਤੇ ਫ਼ੈਸਲੇ ਵੀ ਡਿੱਗ ਜਾਂਦੇ ਹਨ। ਗਿਆਨੀ ਰਘਬੀਰ ਸਿੰਘ ਨੇ ਮੁੜ ਕਿਹਾ ਕਿ ਮੈਂ ਅੱਜ ਸਵੇਰ ਦੀ ਘਟਨਾ ਨੂੰ ਬਹੁਤ ਮੰਦਭਾਗਾ ਤੇ ਦੁੱਖਦਾਈ ਮਹਿਸੂਸ ਕਰਦਾ ਹਾਂ।

Leave a Reply

Your email address will not be published. Required fields are marked *