ਚੰਡੀਗੜ੍ਹ , ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੱਲ੍ਹ ਦਿੱਤੇ ਇਤਿਹਾਸਕ ਫੈਸਲੇ ਨੇ ਚਾਰ ਦਹਾਕਿਆਂ ਤੋਂ ਚਲਦੀ ਨਿੱਜਪ੍ਰਸਤ ਅਤੇ ਸੌੜੀ ਅਕਾਲੀ ਸਿਆਸਤ ਅਤੇ ਲੀਡਰਾਂ ਦੀਆਂ ਕਾਰਵਾਈਆਂ ਨੂੰ ਪੰਥ ਵਿਰੋਧੀ ਕਰਾਰ ਦਿੱਤਾ ਹੈ। ਇਸ ਨੇ ਸਿੱਖ ਮੂਲ ਸਿਧਾਤਾਂ ਉਤੇ ਅਧਾਰਤ ਰਾਜਨੀਤੀ ਲਈ ਮੁੜ ਸੁਰਜੀਤੀ ਦਾ ਰਾਹ ਖੋਲ੍ਹਿਆ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਸਿੱਖ ਚਿੰਤਕਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਅੰਮ੍ਰਿਤਸਰ ਵਿਖੇ ਅਪਰੈਲ 1978 ਵਿੱਚ ਵਾਪਰੇ ਸਿੱਖ ਨਿਰੰਕਾਰੀ ਕਾਂਡ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ਨੂੰ ਵਾਚਦਿਆਂ ਇਹ ਅਹਿਸਾਸ ਕਰਵਾਇਆ ਕਿ ਜੇ ਬਾਦਲ ਸਰਕਾਰ ਸਿੱਖਾਂ ਨੂੰ ਇਨਸਾਫ ਦਵਾਉਣ ਦਾ ਯਤਨ ਕਰਦੀ ਤਾਂ ਸਿੱਖੀ ਖਾੜਕੂਵਾਦ ਨੇ ਪੈਦਾ ਨਹੀਂ ਹੋਣਾ ਸੀ। ਉਸ ਸਮੇਂ ਆਪਣੇ ਸਿਆਸੀ ਮੁਫਾਦਾਂ ਨੂੰ ਮੁੱਖ ਰੱਖਦਿਆਂ ਬਾਦਲ ਸਰਕਾਰ ਨੇ ਅਸਿੱਧੇ ਤੌਰ ਉੱਤੇ ਨਿਰੰਕਾਰੀਆਂ ਦੀ ਮਦਦ ਕੀਤੀ ਅਤੇ ਕੇਂਦਰੀ ਸਰਕਾਰ ਵੱਲੋਂ ਸਿੱਖਾਂ/ਪੰਜਾਬ ਨਾਲ ਵਿਤਕਰੇ ਕਰਨ ਦਾ ਰਾਹ ਖੋਲ੍ਹਿਆ। ਜਿਸ ਦੇ ਫਲ ਸਰੂਪ ਧਰਮਯੁੱਧ ਮੌਰਚਾ ਸ਼ੁਰੂ ਹੋਇਆ ਅਤੇ ਜੂਨ 84 ਅਤੇ ਨਵੰਬਰ 84 ਦੇ ਸਿੱਖ ਵਿਰੋਧੀ ਦੁਖਾਂਤ ਵਾਪਰੇ। ਸਿੱਖ ਪੰਥ ਵਿਰੋਧੀ ਦਿੱਲੀ ਸਰਕਾਰ ਦੀ ਅਕਾਲੀ ਦਲ ਉੱਤੇ ਕਾਬਜ਼ ਬਾਦਲ ਪਰਿਵਾਰ ਵੱਲੋਂ ਪੁਸ਼ਤਪਨਾਹੀ ਕਰਨੀ ਅਤੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਉੱਤੇ ਢਾਹੇ ਸਰਕਾਰੀ ਜ਼ੁਲਮ ਅਤੇ ਦਹਿਸ਼ਤ ਵਿੱਚ ਹਿੱਸੇਦਾਰ ਬਣਨਾ, ਅਤੇ ਜਾਤੀ ‘ਵੋਟ ਬੈਂਕ’ ਤਿਆਰ ਕਰਨ ਲਈ ਸਿਰਸਾ ਦੇ ਡੇਰਾ ਮੁੱਖੀ ਦੇ ਸਿੱਖ ਵਿਰੋਧੀ ਧਾਰਮਿਕ ਗੁਨਾਹਾਂ ਨੂੰ ਅਕਾਲ ਤਖ਼ਤ ਤੋਂ ਮੁਆਫੀ ਦਵਾਉਣੀ ਅਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਿੱਚ ਖੁਦ ਹੱਥ ਠੋਕਾ ਬਣਨਾ ਆਦਿ ਪੰਥ ਵਿਰੋਧੀ ਕਾਰਵਾਈਆਂ ਦਾ ਅਕਾਲ ਤਖ਼ਤ ਵੱਲੋਂ ‘ਕੱਚਾ ਚਿੱਠਾ’ ਦੇਸ਼-ਵਿਦੇਸ਼ਾਂ ਵਿਚਲੀ ਸਿੱਖ ਸੰਗਤ ਦੇ ਸਾਹਮਣੇ ਖੋਲ੍ਹਿਆ ਗਿਆ।
ਇਹਨਾਂ ਪੰਥ ਵਿਰੋਧੀ ਕਾਰਵਾਈਆਂ ਨੂੰ ਸੁਖਬੀਰ ਸਿੰਘ ਬਾਦਲ ਨੇ ਜਨਤਕ ਤੌਰ ਉੱਤੇ ਕਬੂਲਿਆ। ਜਿਸ ਉਪਰੰਤ, ਅਕਾਲ ਤਖ਼ਤ ਨੇ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਪੰਥ ਨੂੰ ਅਗਵਾਈ ਦੇਣ ਲਈ ਅਯੋਗ ਕਰਾਰ ਦਿੱਤਾ। ਅਕਾਲੀ ਦਲ ਦੀ ਜਥੇਬੰਦੀ ਨੂੰ ਮੁੱਢੋ ਨਵੇਂ ਰੂਪ ਵਿੱਚ ਖੜ੍ਹਾ ਕਰਨ ਦਾ ਆਦੇਸ਼ ਦਿੱਤਾ ਜਿਸ ਦੀ ਸਿੱਖ ਚਿੰਤਕ ਭਰਪੂਰ ਸਲਾਘਾ ਕਰਦੇ ਹਨ। ਸਿੱਖ ਬੁਧੀਜੀਵੀਆਂ ਨੇ ਕਿਹਾ ਆਜ਼ਾਦੀ ਤੋਂ ਬਾਅਦ ਇਹ ਅਕਾਲ ਤਖ਼ਤ ਦਾ ਪਹਿਲਾ ਫੈਸਲਾ ਹੈ ਜਿਸਨੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਪਿਛਲੇ ਸਮੇਂ ਰਹੇ ਜਥੇਦਾਰਾਂ ਦੀ ਕਾਰਗੁਜ਼ਾਰੀ ਉੱਤੇ ਸਮੁੱਚੀ ਨਜ਼ਰਸਾਨੀ ਕੀਤੀ ਹੈ ਅਤੇ ਉਹਨਾਂ ਦੀਆਂ ਬੱਜਰ ਗਲਤੀਆਂ ਕਾਰਨ ਉਹਨਾਂ ਨੂੰ ਦੰਡਤ ਵੀ ਕੀਤਾ ਗਿਆ ਹੈ।
ਸਿੰਘ ਸਾਹਿਬਾਨ ਵੱਲੋਂ ਪਿਛਲੇ ਪੰਜਾਹ ਸਾਲਾਂ ਦੌਰਾਨ ਅਕਾਲੀ ਦਲ ਦੀਆਂ ਧਾਰਮਿਕ ਅਤੇ ਸਿਆਸੀ ਕਾਰਵਾਈਆਂ ਦੀ ਬੇਬਾਕ ਸਮੀਖਿਆ ਅਤੇ ਇਮਾਨਦਾਰ ਅਲੋਚਨਾ ਕੀਤੀ ਹੈ। ਜਿਸਨੇ ਸਿੱਖਾਂ ਨੂੰ ਆਪਣੀ ਸਿਆਸਤ ਅਤੇ ਜਥੇਬੰਦੀਆਂ ਨੂੰ ਨਵੇਂ ਅਤੇ ਨਰੋਏ ਤਰੀਕੇ ਨਾਲ ਲੋਕਤੰਤਰੀ ਤਰਜ਼ ਉੱਤੇ ਖੜ੍ਹੇ ਕਰਨ ਦਾ ਮੌਕਾ ਅਤੇ ਉਤਸ਼ਾਹ ਪ੍ਰਦਾਨ ਕੀਤਾ ਹੈ। ਅਸੀਂ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਅਕਾਲੀ ਦਲ ਦੀ ਪੂਰਨ ਸੁਰਜੀਤੀ ਕਰਕੇ ਧੜੱਲੇਦਾਰ ਖੇਤਰੀ ਰਾਜਨੀਤੀ ਦਾ ਨਿਰਮਾਣ ਕਰਨ ਅਤੇ ਸਿੱਖ ਭਾਈਚਾਰੇ ਵਿਰੁੱਧ ਖੜ੍ਹੇ ਕੀਤੇ ਜਾ ਰਹੇ ਬੇਈਮਾਨ ਤੇ ਸਾਜ਼ਸ ਭਰੇ ਪ੍ਰਾਪੇਗੰਡੇ ਨੂੰ ਮਾਤ ਪਾਉਣ।
ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਨੇ ਵੀ ਇਸ ਇਤਿਹਾਸਕ ਫੈਸਲੇ ਦਾ ਭਰਵਾਂ ਸਵਾਗਤ ਕੀਤਾ।