ਖੰਨਾ- ਖੰਨਾ ‘ਚ ਵੀਰਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਬੱਸ ‘ਚ ਸਵਾਰ 42 ਦੇ ਕਰੀਬ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ ਤੋਂ ਸਰਕਾਰੀ ਸਕੂਲ ਦੀ ਬੱਸ ਬੱਚਿਆਂ ਨੂੰ ਗੁਰਪੁਰਬ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਮੱਥਾ ਟਿਕਾਉਣ ਲਿਜਾ ਰਹੀ ਸੀ।
ਇਹ ਬੱਸ ਜਦੋਂ ਖੰਨਾ ਜੀ. ਟੀ. ਰੋਡ ‘ਤੇ ਪੁੱਜੀ ਤਾਂ ਅਚਾਨਕ ਬੱਸ ਦਾ ਟਾਇਰ ਪੈਂਚਰ ਹੋ ਗਿਆ। ਅਜੇ ਬੱਸ ਦਾ ਡਰਾਈਵਰ ਟਾਇਰ ਬਦਲਣ ਹੀ ਜਾ ਰਿਹਾ ਸੀ ਕਿ ਪਿੱਛੋਂ ਇਕ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ਕਾਰਨ ਬੱਸ ਦਾ ਪਿਛਲਾ ਪਾਸਾ ਚਕਨਾਚੂਰ ਹੋ ਗਿਆ। ਹਾਦਸੇ ਦੌਰਾਨ ਬੱਸ ‘ਚ ਬੈਠੇ ਕਈ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ 2 ਬੱਚਿਆਂ ਨੂੰ ਜ਼ਿਆਦਾ ਸੱਟ ਲੱਗੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।