ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਪੰਜਾਬ ਦੀਆਂ ਡੇਢ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ 15 ਅਗਸਤ ਨੂੰ ਜਦੋਂ ਦੇਸ਼ ਭਰ ਅੰਦਰ ਸਰਕਾਰਾਂ ਵੱਲੋਂ ਆਜ਼ਾਦੀ ਤੇ ਜਮਹੂਰੀਅਤ ਦੇ ਖੋਖਲੇ ਦਾਅਵਿਆਂ ਨਾਲ ਖੁਸ਼ੀਆਂ ਮਨਾਈਆਂ ਜਾਣਗੀਆਂ ਤਾਂ ਪੰਜਾਬ ਦੇ ਕਿਸਾਨ ਖੇਤ ਮਜ਼ਦੂਰ ਸਨਅਤੀ ਤੇ ਬਿਜਲੀ ਕਾਮੇ ਵਿਦਿਆਰਥੀ ਤੇ ਠੇਕਾ ਕਾਮਿਆਂ ਦੀਆਂ ਡੇਢ ਦਰਜਨ ਤੋਂ ਵੱਧ ਜਥੇਬੰਦੀਆਂ ਦੁਆਰਾ ਨਵੇਂ ਫੌਜਦਾਰੀ ਕਾਨੂੰਨਾਂ ਤੇ ਹੋਰ ਕਾਲੇ ਕਾਨੂੰਨਾਂ ਸਣੇ ਸਾਮਰਾਜੀਆਂ ਦੁਆਰਾ ਮੜ੍ਹੀਆਂ ਜਾ ਰਹੀਆਂ ਲੋਟੂ ਨੀਤੀਆਂ ਖਿਲਾਫ ਪੰਜਾਬ ਭਰ ਅੰਦਰ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਸ ਮਕਸਦ ਲਈ ਪਿੰਡ ਪਿੰਡ ਲਾਮਬੰਦੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਨ ਸੰਤਾਲੀ ਦੀ ਸੱਤਾ-ਬਦਲੀ ਅਸਲ ਵਿੱਚ ਆਜ਼ਾਦੀ ਦੇ ਨਾਂ ਹੇਠ ਸਾਮਰਾਜ ਤੋਂ ਮੁਕਤੀ ਲਈ ਜੂਝਦੇ ਕ੍ਰੋੜਾਂ ਦੇਸ਼ ਵਾਸੀਆਂ ਨਾਲ਼ ਕੀਤਾ ਗਿਆ ਵੱਡਾ ਧੋਖਾ ਸੀ। ਕਿਉਂਕਿ ਉਦੋਂ ਇੱਕ ਪਾਸੇ ਦੇਸ਼ ਦੀਆਂ ਲੋਟੂ ਜਮਾਤਾਂ ਤੇ ਬਰਤਾਨਵੀ ਸਰਕਾਰ ਦੇ ਚਹੇਤਿਆਂ ਵੱਲੋਂ ਜਸ਼ਨ ਮਨਾਏ ਗਏ ਤੇ ਦੂਜੇ ਪਾਸੇ ਲੋਕਾਂ ਚ ਫਿਰਕੂ ਫ਼ਸਾਦ ਭੜਕਾ ਕੇ ਲੱਖਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ, ਘਰ ਘਾਟ ਉਜਾੜੇ ਗਏ ਅਤੇ ਔਰਤਾਂ ਦੀਆਂ ਬੇਪਤੀਆਂ ਸ਼ਰੇਆਮ ਕੀਤੀਆਂ ਗਈਆਂ। ਇਸੇ ਕਾਰਨ ਲੋਕ ਹਿਤਾਂ ਨੂੰ ਪ੍ਰਨਾਏ ਦੇਸ਼ਵਾਸੀ ਇਸ ਵਰ੍ਹੇ ਨੂੰ ਹੱਲੇ-ਗੁੱਲਿਆਂ ਵਾਲੇ ਮਾਤਮੀ ਸਾਲ ਵਜੋਂ ਯਾਦ ਕਰਦੇ ਹਨ।