ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਇੱਥੇ ਪੀ. ਐੱਸ. ਪੀ. ਸੀ. ਐੱਲ. ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਇਹ ਨੌਕਰੀਆਂ ਬਹੁਤ ਦੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਬਾਰੇ ਕੁੱਝ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਮੈਨੂੰ ਅੱਜ ਇਸ ਗੱਲ ਦੀ ਖ਼ੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ।
ਅਸੀਂ ਪੌਣੇ 3 ਸਾਲਾਂ ‘ਚ 50 ਹਜ਼ਾਰ ਦੇ ਨੇੜੇ ਬਿਨਾਂ ਸਿਫਾਰਿਸ਼ ਅਤੇ ਰਿਸ਼ਵਤ ਦੇ ਨੌਕਰੀਆਂ ਦੇ ਚੁੱਕੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਦੁੱਖ ਹੁੰਦਾ ਸੀ ਕਿ ਪੰਜਾਬ ਦੇ ਨੌਜਵਾਨ ਆਪਣੀ ਧਰਤੀ ਛੱਡ ਕੇ ਬਾਹਰ ਕਿਉਂ ਭੱਜ ਰਹੇ ਹਨ। ਇੱਥੇ ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ ਹਨ ਪਰ ਹੁਣ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗ ਗਏ ਹਨ ਕਿਉਂਕਿ ਕੁੱਝ ਵੀ ਇਕਦਮ ਨਹੀਂ ਹੁੰਦਾ।
ਲੋਕਾਂ ਵਲੋਂ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ, ਜੋ ਕਿ ਛੇਤੀ ਕਿਤੇ ਮਿਲਦਾ ਨਹੀਂ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਵਿਰੋਧੀਆਂ ‘ਤੇ ਵੀ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪਹਿਲਾਂ ਲੀਡਰ ਜਿੱਤ ਕੇ ਘਰਾਂ ‘ਚ ਬੰਦ ਹੋ ਜਾਂਦੇ ਸੀ ਅਤੇ ਲੋਕਾਂ ਵਿਚਕਾਰ ਨਹੀਂ ਵਿਚਰਦੇ ਸੀ। ਉਨ੍ਹਾਂ ਨੂੰ ਲੋਕਾਂ ਦੀ ਕੋਈ ਫ਼ਿਕਰ ਨਹੀਂ ਸੀ। ਉਨ੍ਹਾਂ ਨੇ ਨਵੇਂ ਨਿਯੁਕਤ ਉਮੀਦਵਾਰਾਂ ਦਾ ਪੰਜਾਬ ਸਰਕਾਰ ‘ਚ ਸੁਆਗਤ ਕੀਤਾ ਅਤੇ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।