ਹਮੀਰਪੁਰ, ਇੱਥੋਂ ਦੇ ਪ੍ਰਸਿੱਧ ਬਾਬਾ ਬਾਲਕ ਨਾਥ ਮੰਦਰ ਵਿੱਚ ਸ਼ਰਧਾਲੂਆਂ ਨੂੰ ਵੇਚੇ ਜਾ ਰਹੇ ਪ੍ਰਸਾਦ ਦੇ ਨਮੂਨੇ ਮਨੁੱਖਾਂ ਦੇ ਖਾਣ ਲਈ ਅਯੋਗ ਪਾਏ ਜਾਣ ਤੋਂ ਇੱਕ ਦਿਨ ਬਾਅਦ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਕੰਟੀਨ ਬੰਦ ਕਰ ਦਿੱਤੀ ਗਈ ਹੈ। ਇਸ ਦੇ ਮੈਨੇਜਮੈਂਟ ਨੇ ਬੁੱਧਵਾਰ ਨੂੰ ਕੰਟੀਨ ਬੰਦ ਕਰ ਦਿੱਤੀ ਅਤੇ ਕਿਹਾ ਕਿ ਇਸ ਦੀਆਂ ਸੇਵਾਵਾਂ ਆਊਟਸੋਰਸ ਕੀਤੀਆਂ/ਠੇਕੇ ਉਤੇ ਦਿੱਤੀਆਂ ਜਾਣਗੀਆਂ।
ਬੜਸਰ ਦੇ ਐਸਡੀਐਮ ਰਾਜਿੰਦਰ ਗੌਤਮ, ਜੋ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਕਿਹਾ, ‘‘(ਮੰਦਰ) ਟਰੱਸਟ ਦੀ ਇੱਕ ਕੰਟੀਨ ਦੀਆਂ ਸੇਵਾਵਾਂ ਪਹਿਲਾਂ ਹੀ ਆਊਟਸੋਰਸ ਕੀਤੀਆਂ ਜਾ ਚੁੱਕੀਆਂ ਹਨ। ਦੂਜੀ ਕੰਟੀਨ ਦੀਆਂ ਸੇਵਾਵਾਂ ਨੂੰ ਵੀ ਆਊਟਸੋਰਸ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।’’ ਇਸ ਕੰਟੀਨ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਨੂੰ ਆਊਟਸੋਰਸ ਕਰਨ ਲਈ ਟੈਂਡਰ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਗ਼ੌਰਤਲਬ ਹੈ ਕਿ ਫੂਡ ਸੇਫਟੀ ਵਿਭਾਗ ਨੇ ਦੋ ਮਹੀਨੇ ਪਹਿਲਾਂ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ ’ਤੇ ‘ਪ੍ਰਸਾਦ’ ਵਜੋਂ ਵਿਕਣ ਵਾਲੇ ‘ਰੋਟਾਂ’ ਦੇ ਨਮੂਨੇ ਸੋਲਨ ਜ਼ਿਲ੍ਹੇ ਦੀ ਕੰਪੋਜ਼ਿਟ ਟੈਸਟਿੰਗ ਲੈਬਾਰਟਰੀ, ਕੰਡਾਘਾਟ (Composite Testing Laboratory, Kandaghat) ਨੂੰ ਜਾਂਚ ਲਈ ਭੇਜੇ ਸਨ। ਨਮੂਨੇ ਇਨਸਾਨੀ ਖਪਤ ਦੇ ਅਯੋਗ ਪਾਏ ਗਏ। ਇੱਕ ਨਿੱਜੀ ਦੁਕਾਨ ਤੋਂ ਲਏ ਗਏ ‘ਰੋਟਾਂ’ ਦੇ ਨਮੂਨੇ ਵੀ ਟੈਸਟ ਵਿੱਚ ਫੇਲ੍ਹ ਹੋ ਗਏ।
ਦੱਸਣਯੋਗ ਹੈ ਕਿ ਕਣਕ, ਖੰਡ ਅਤੇ ਘਿਓ ਨਾਲ ਬਣਾਏ ਜਾਂਦੇ ਇਨ੍ਹਾਂ ‘ਰੋਟਾਂ’ ਨੂੰ ਥੋਕ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਕਈ ਦਿਨਾਂ ਤੱਕ ਵੇਚਿਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਇਸ ਕਾਰਨ ਇਹ ਬਾਸੀ ਹੋ ਜਾਂਦੇ ਹਨ। ‘ਪ੍ਰਸਾਦ’ ਵੇਚਣ ਵਾਲੀ ਮੁੱਖ ਕੰਟੀਨ ਮੰਦਰ ਟਰੱਸਟ (Baba Balak Nath temple trust, Deotsidh) ਵੱਲੋਂ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਚਲਾਈ ਜਾਂਦੀ ਸੀ ਅਤੇ ਚੰਗਾ ਕਾਰੋਬਾਰ ਕਰ ਰਹੀ ਸੀ। ਹਰ ਸਾਲ ਲਗਭਗ 50-75 ਲੱਖ ਲੋਕ ਬਾਬਾ ਬਾਲਕ ਨਾਥ ਮੰਦਰ ਜਾਂਦੇ ਹਨ ਅਤੇ ‘ਰੋਟ’, ਮਠਿਆਈਆਂ ਅਤੇ ਹੋਰ ਚੀਜ਼ਾਂ ਚੜ੍ਹਾਉਂਦੇ ਹਨ।
Baba Balak Nath temple: ਪ੍ਰਸਾਦ ਦੇ ਸੈਂਪਲ ਫੇਲ੍ਹ ਹੋਣ ’ਤੇ ਬਾਬਾ ਬਲਾਕ ਨਾਥ ਮੰਦਰ ਦੀ ਕੰਟੀਨ ਬੰਦ
