ਰਾਮਗੜ੍ਹ, 15 ਸਤੰਬਰ (ਦਲਜੀਤ ਸਿੰਘ)- ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮੁਰਬੰਦਾ ਲਾਰੀ ਦੇ ਨੇੜੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਇਕ ਬੱਸ ਅਤੇ ਵੈਗਨ ਆਰ ਕਾਰ ’ਚ ਭਿਆਨਕ ਟੱਕਰ ਹੋ ਗਈ। ਬੱਸ, ਕਾਰ ਦੇ ਉੱਪਰ ਚੜ੍ਹ ਗਈ ਅਤੇ ਕਾਰ ਵਿਚ ਅੱਗ ਲੱਗ ਗਈ, ਜਿਸ ਕਾਰਨ ਉਸ ’ਚ ਸਵਾਰ ਇਕ ਲੜਕੇ ਅਤੇ ਦੋ ਔਰਤਾਂ ਸਮੇਤ 5 ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਰਾਮਗੜ੍ਹ ਪੁਲਸ ਇੰਸਪੈਕਟਰ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਸਵੇਰੇ ਲੱਗਭਗ 8 ਵਜੇ ਇਕ ਵੈਗਨ ਆਰ ਕਾਰ ਦੀ ਦੂਜੇ ਪਾਸਿਓਂ ਆ ਰਹੀ ਬੱਸ ਨਾਲ ਰਾਮਗੜ੍ਹ ਜ਼ਿਲ੍ਹੇ ਦੇ ਰਜਰੱਪਾ ਪੁਲਸ ਥਾਣਾ ਖੇਤਰ ਵਿਚ ਗੋਲਾ-ਰਾਮਗੜ੍ਹ ਮੁੱਖ ਹਾਈਵੇਅ ’ਤੇ ਮੁਰਬੰਦਾ ਲਾਰੀ ਦੇ ਨੇੜੇ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ। ਬੱਸ ਕਾਰ ਦੇ ਉੱਪਰ ਚੜ੍ਹ ਗਈ। ਕਾਰ ’ਚ ਸਵਾਰ ਸਾਰੇ 5 ਲੋਕ ਬੁਰੀ ਤਰ੍ਹਾਂ ਫਸ ਗਏ।
ਥੋੜ੍ਹੀ ਹੀ ਦੇਰ ਬਾਅਦ ਕਾਰ ਵਿਚ ਅੱਗ ਲੱਗ ਗਈ ਅਤੇ 5 ਲੋਕਾਂ ਦੀ ਮੌਕੇ ’ਤੇ ਹੀ ਸੜ ਕੇ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰ੍ਹਾਂ ਸੜ ਗਈਆਂ ਹਨ ਕਿ ਉਨ੍ਹਾਂ ਦੀ ਪਹਿਚਾਣ ਮੁਸ਼ਕਲ ਹੋ ਗਈ ਹੈ। ਪੁਲਸ ਮੁਤਾਬਕ ਸਾਰੀਆਂ ਲਾਸ਼ਾਂ ਨੂੰ ਆਖ਼ਰੀ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੈਗਨ ਆਰ ਦੇ ਪੂਰੀ ਤਰ੍ਹਾਂ ਸੜ ਜਾਣ ਕਾਰਨ ਗੱਡੀ ਦੀ ਰਜਿਸਟ੍ਰੇਸ਼ਨ ਨੰਬਰ ਤੋਂ ਇਲਾਵਾ ਹੋਰ ਵੇਰਵਾ ਨਹੀਂ ਮਿਲ ਸਕਿਆ ਹੈ। ਗੱਡੀ ਪਟਨਾ ਦੇ ਆਲੋਕ ਰੌਸ਼ਨ ਦੇ ਨਾਂ ਤੋਂ ਰਜਿਸਟਰਡ ਹੈ। ਮ੍ਰਿਤਕਾਂ ਦੀ ਪਹਿਚਾਣ ਅਤੇ ਹੋਰ ਕਾਰਵਾਈ ਲਈ ਪਟਨਾ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ।