ਬਠਿੰਡਾ : ਸ਼ਨਿੱਚਰਵਾਰ ਸਵੇਰੇ ਧੁੰਦ ਕਾਰਨ ਬਠਿੰਡਾਡੱਬਵਾਲੀ ਕੌਮੀ ਸ਼ਾਹਰਾਹ ’ਤੇ ਇਕ ਟਰੱਕ ਸਮੇਤ ਛੇ ਵਾਹਨਾਂ ਦੀ ਆਪਸ ‘ਚ ਟੱਕਰ ਹੋ ਗਈ ਜਿਸ ਕਾਰਨ ਪੰਜ ਲੋਕ ਜ਼ਖਮੀ ਹੋ ਗਏ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨਸੇਵਾ ਸੰਗਤ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਜ਼ਖ਼ਮੀਆਂ ਨੂੰ ਬਠਿੰਡਾ ਅਤੇ ਡੱਬਵਾਲੀ ਦੇ ਸਰਕਾਰੀ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸਹਾਰਾ ਜਨਸੇਵਾ ਸੰਗਤ ਦੇ ਮੈਂਬਰ ਸਿਕੰਦਰ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਕੰਟਰੋਲ ਨੰਬਰ ’ਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਡੱਬਵਾਲੀ ਕੌਮੀ ਮਾਰਗ ’ਤੇ ਸਥਿਤ ਪਿੰਡ ਗੁਰੂਸਰ ਸੈਣੇਵਾਲਾ ਤੇ ਗਹਿਰੀ ਬੁੱਟਰ ਨੇੜੇ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਪੰਜ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਸਿਵਲ ਹਸਪਤਾਲ ਡੱਬਵਾਲੀ ਤੇ ਤਿੰਨ ਜ਼ਖ਼ਮੀਆਂ ਨੂੰ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਥੇਬੰਦੀ ਦੇ ਮੈਂਬਰ ਨੇ ਦੱਸਿਆ ਕਿ ਉਕਤ ਹਾਦਸੇ ‘ਚ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸੰਸਥਾ ਦੇ ਮੈਂਬਰ ਅਨੁਸਾਰ ਸੰਘਣੀ ਧੁੰਦ ਕਾਰਨ ਪਹਿਲਾਂ ਇਕ ਟਰੱਕ ਅੱਗੇ ਜਾ ਰਹੀ ਕਾਰ ਨਾਲ ਟਕਰਾ ਗਿਆ, ਫਿਰ ਉਸ ਟਰੱਕ ਦੇ ਪਿੱਛੇ ਆ ਰਹੀਆਂ ਤਿੰਨ ਹੋਰ ਗੱਡੀਆਂ ਟਰੱਕ ਦੇ ਪਿਛਲੇ ਪਾਸੇ ਜਾ ਟਕਰਾਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਕੁਟੀ ਨੇੜੇ ਧੁੰਦ ਕਾਰਨ ਪੀਆਰਟੀਸੀ ਦੀ ਬੱਸ ਵੀ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ।
ਜਥੇਬੰਦੀ ਦੇ ਮੈਂਬਰ ਨੇ ਦੱਸਿਆ ਕਿ ਉਕਤ ਹਾਦਸੇ ਦੌਰਾਨ ਆਪਸ ‘ਚ ਟਕਰਾਏ ਵਾਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਟ੍ਰੈਫਿਕ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਧੁੰਦ ਕਾਰਨ ਆਪਣੇ ਵਾਹਨ ਹੌਲੀ ਚਲਾਓ ਤੇ ਆਪਣੇ ਵਾਹਨਾਂ ‘ਤੇ ਰਿਫਲੈਕਟਰ ਲਗਾਓ। ਇਸ ਤੋਂ ਇਲਾਵਾ ਵਾਹਨਾਂ ‘ਤੇ ਲਗਾਈਆਂ ਗਈਆਂ ਦੋਵੇਂ ਪਾਰਕਿੰਗ ਲਾਈਟਾਂ ਨੂੰ ਚਾਲੂ ਰੱਖਿਆ ਜਾਵੇ ਤਾਂ ਜੋ ਅੱਗੇ ਜਾ ਰਹੇ ਵਾਹਨਾਂ ਨੂੰ ਆਸਾਨੀ ਨਾਲ ਪਤਾ ਲੱਗ ਸਕੇ ਕਿ ਅੱਗੇ ਕੋਈ ਵਾਹਨ ਜਾ ਰਿਹਾ ਹੈ।