ਗੁਰੂ ਦੇ ਦਰ ‘ਤੇ ਸੁਖਬੀਰ ਬਾਦਲ ਹੋਏ ਨਤਮਸਤਕ, ਫਰਿਆਦ ਪੱਤਰ ਸੌਂਪ ਕੇ ਸਿੰਘ ਸਾਹਿਬਾਨ ਨੂੰ ਕੀਤੀ ਇਹ ਅਪੀਲ

ਅੰਮ੍ਰਿਤਸਰ : ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਮੁੜ ਪਹੁੰਚੇ ਹਨ। ਗੱਲ ਵਿਚ ਪੱਲਾ ਪਾ ਕੇ ਇੱਕ ਫਰਿਆਦ ਵਾਲਾ ਲਿਫਾਫਾ ਨਾਲ ਲੈ ਕੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਹਨ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਥੇਦਾਰ ਸਾਹਿਬ ਨੂੰ ਪਹਿਲਾਂ ਵੀ ਇੱਕ ਫਰਿਆਦ ਪੱਤਰ ਦੇ ਚੁੱਕੇ ਹਨ ਅਤੇ ਅੱਜ ਮੁੜ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀ ਫਰਿਆਦ ਲੈ ਕੇ ਪਹੁੰਚੇ ਹਨ। ਸੁਖਬੀਰ ਸਿੰਘ ਬਾਦਲ ਨੇ ਆਪਣਾ ਫਰਿਆਦ ਪੱਤਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਿਆਂ ਢਾਈ ਮਹੀਨੇ ਦਾ ਸਮਾਂ ਹੋ ਚੁੱਕਾ ਹੈ। ਤਨਖਾਹੀਆ ਹੁੰਦਿਆਂ ਨਾ ਤਾਂ ਉਹ ਪਾਰਟੀ ਦੇ ਰੁਝੇਵਿਆਂ ਵਿੱਚ ਵਿਚਰ ਰਹੇ ਹਨ ਅਤੇ ਨਾ ਹੀ ਜਨਤਾ ਵਿੱਚ ਆਮ ਤੌਰ ‘ਤੇ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ 30 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਗਲੇ ਦਿਨ ਹੀ ਉਨ੍ਹਾਂ ਨੇ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਰਪਿਤ ਹੁੰਦਿਆਂ ਹਰੇਕ ਹੁਕਮ ਨੂੰ ਮੰਨਣ ਲਈ ਬੇਨਤੀ ਪੱਤਰ ਦੇ ਦਿੱਤਾ ਸੀ। ਅੱਜ ਮੁੜ ਲੰਮਾ ਸਮਾਂ ਬੀਤਣ ਤੋਂ ਬਾਅਦ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਫੈਸਲਾ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹੁਕਮ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।

ਦੱਸ ਦੇਈਏ ਕਿ ਸਿੱਖ ਧਰਮ ਵਿਚ ਤਨਖਾਹੀਏ ਦੇ ਕੇਸ ਦਾ ਨਿਪਟਾਰਾ ਧਾਰਮਿਕ ਸਜ਼ਾ ਲਗਾ ਕੇ ਹੀ ਪੂਰਾ ਹੁੰਦਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧੀ ਵਿਧਾਨ ਵਿਚ ਹੈ ਕਿ ਸਿਰਫ਼ ਧਾਰਮਿਕ ਸਜ਼ਾ ਹੀ ਹੈ। ਜੋ ਵਿਅਕਤੀ ਦੀ ਹਊਮੇ ਨੂੰ ਖ਼ਤਮ ਕਰਕੇ ਸਮਾਜ ’ਚ ਵਿਚਰਨ ਲਈ ਤਿਆਰ ਕਰਦੀ ਹੈ ਤਾਂ ਜੋ ਉਹ ਗਲਤੀ ਮੁੜ ਨਾ ਦੁਹਰਾਵੇ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀਆਂ ਨੇ 1 ਜੁਲਾਈ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ 15 ਜੁਲਾਈ ਨੂੰ ਇਕੱਤਰਤਾ ਕਰਕੇ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਸੀ।

ਇਸ ਉਪਰੰਤ 24 ਜੁਲਾਈ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਪਸ਼ਟੀਕਰਨ ਜਥੇਦਾਰ ਰਘਬੀਰ ਸਿੰਘ ਨੂੰ ਸੌਂਪਿਆ ਸੀ। ਇਸ ਤੋਂ ਬਾਅਦ 5 ਅਗਸਤ ਨੂੰ ਜਥੇਦਾਰ ਵੱਲੋਂ ਸੁਖਬੀਰ ਬਾਦਲ ਦਾ ਦਿੱਤਾ ਸਪਸ਼ਟੀਕਰਨ ਜਨਤਕ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ 30 ਅਗਸਤ ਨੂੰ ਇਕੱਤਰਤਾ ਕਰਕੇ ਜਿਥੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ ਹੁਕਮ ਜਾਰੀ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਪੰਜ ਸਿੰਘ ਸਾਹਿਬਾਨ ਤੇ ਸੰਗਤਾਂ ਦੇ ਸਾਹਮਣੇ ਪੇਸ਼ ਹੋ ਕੇ ਉਹ ਆਪਣੇ ਗੁਨਾਹਾਂ ਦੀ ਮਾਫ਼ੀ ਨਹੀਂ ਮੰਗਦਾ, ਉਸ ਸਮੇਂ ਤੱਕ ਤਨਖਾਹੀਆ ਰਹੇਗਾ।

Leave a Reply

Your email address will not be published. Required fields are marked *