ਤਰਨਤਾਰਨ – ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ.ਐੱਸ.ਐੱਫ ਵੱਲੋਂ ਇਕ ਡਰੋਨ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ, ਜਿਸ ਸਬੰਧੀ ਥਾਣਾ ਖਾਲਡ਼ਾ ਦੀ ਪੁਲਸ ਨੇ ਅਣਪਛਾਤੇ ਤਸਕਰਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ.ਐੱਸ.ਐੱਫ ਦੇ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 103 ਬਟਾਲੀਅਨ ਦੇ ਜਵਾਨ ਜਦੋਂ ਗਸ਼ਤ ਕਰ ਰਹੇ ਸਨ ਤਾਂ ਬੀ.ਓ.ਪੀ ਧਰਮਾ ਅਧੀਨ ਆਉਂਦੇ ਕਾਬਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਡੱਲ ਦੇ ਖੇਤਾਂ ਵਿਚ ਡਿੱਗੇ ਹੋਏ ਇਕ ਪੀਲੇ ਰੰਗ ਦੇ ਪੈਕਟ ਨੂੰ ਬਰਾਮਦ ਕੀਤਾ ਗਿਆ, ਜਿਸ ਦੀ ਤਲਾਸ਼ੀ ਲੈਣ ਉਪਰੰਤ ਉਸ ਵਿਚੋਂ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਤੋਂ ਇਲਾਵਾ ਪਿੰਡ ਵਾਂ ਵਿਖੇ ਬੀ.ਐੱਸ.ਐੱਫ ਦੀ 103 ਬਟਾਲੀਅਨ ਵੱਲੋਂ ਦੌਰਾਨੇ ਗਸ਼ਤ ਇਕ ਚੀਨੀ ਡਰੋਨ ਨੂੰ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਣਪਛਾਤੇ ਤਸਕਰਾਂ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।