ਚੰਡੀਗੜ੍ਹ : ਲਾਹੌਰ ਦੀ ਅਦਾਲਤ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਦੀ ਬਜਾਏ ਅੱਤਵਾਦੀ ਦੱਸਣ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਨੇ ਸਖ਼ਤ ਵਿਰੋਧ ਜਤਾਇਆ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਸੋਚ ਲੈ ਕੇ ਚੱਲੀ ਹੈ, ਉਸ ਦੇ 2 ਸਭ ਤੋਂ ਵੱਡੇ ਹੀਰੋ ਬਾਬਾ ਅੰਬੇਡਕਰ ਸਾਹਿਬ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਨ। ਜਦੋਂ ਤੋਂ ਦਿੱਲੀ ਅਤੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਇਹ ਪਹਿਲੀ ਵਾਰ ਇਤਿਹਾਸ ‘ਚ ਹੋਇਆ ਹੈ ਕਿ ਹਰੇਕ ਸਰਕਾਰੀ ਦਫ਼ਤਰ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਦੀ ਫੋਟੋ ਨੂੰ ਲਾਜ਼ਮੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਜਿਹੜੀ ਅੱਜ ਖ਼ਬਰ ਛਪੀ ਹੈ, ਜਿਹਦੇ ‘ਚ ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਬਿਆਨ ਦਿੱਤਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਲਾਹੌਰ ਦੇ ਸ਼ਾਦਮਾਨ ਚੌਂਕ ਦਾ ਨਾਮਕਰਨ ਵੀ ਨਹੀਂ ਹੋਵੇਗਾ ਅਤੇ ਮੂਰਤੀ ਵੀ ਨਹੀਂ ਲੱਗੇਗੀ।
ਕੰਗ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ 23 ਸਾਲਾਂ ਦੀ ਉਮਰ ‘ਚ ਦੇਸ਼ ਲਈ ਫ਼ਾਂਸੀ ਦੇ ਰੱਸੇ ਨੂੰ ਚੁੰਮ ਲਿਆ, ਜਦੋਂ ਕਿ ਦੇਸ਼ ਦੀ ਵੰਡ ਵੀ ਨਹੀਂ ਹੋਈ ਸੀ। ਉਨ੍ਹਾਂ ਨੇ ਇੰਨੀ ਵੱਡੀ ਕੁਰਬਾਨੀ ਦਿੱਤੀ, ਜਿਸ ਦੀ ਮਿਸਾਲ ਅੱਜ ਤੱਕ ਦੁਨੀਆ ‘ਚ ਕਿਤੇ ਨਹੀਂ ਬਣੀ। ਪਾਕਿਸਤਾਨ ‘ਚ ਵੀ ਵੱਡੀ ਗਿਣਤੀ ‘ਚ ਲੋਕ ਹਨ, ਜੋ ਸ਼ਹੀਦ ਭਗਤ ਸਿੰਘ ਨੂੰ ਆਪਣਾ ਰੋਲ ਮਾਡਲ ਮਨੰਦੇ ਹਨ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਦਾ ਹਾਈਕੋਰਟ ‘ਚ ਇਸ ਤਰੀਕੇ ਦਾ ਹਲਫ਼ਨਾਮਾ ਦੇਣਾ ਕਿ ਸ਼ਹੀਦ-ਏ ਆਜ਼ਮ ਕ੍ਰਾਂਤੀਕਾਰੀ ਨਹੀਂ, ਅੱਤਵਾਦੀ ਸਨ, ਇਹ ਬਹੁਤ ਹੀ ਪੀੜਾਦਾਇਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦੀ ਬੇਨਤੀ ਕਰਦੀ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ‘ਚ ਜ਼ਰੂਰ ਦੇਸ਼ ਦੀ ਸਰਕਾਰ ਨੂੰ ਹੱਦਾਂ-ਸਰਹੱਦਾਂ ਤੋਂ ਬਾਹਰ ਜਾ ਕੇ ਦਖ਼ਲ-ਅੰਦਾਜ਼ੀ ਕਰਨੀ ਚਾਹੀਦੀ ਹੈ।