ਲਾਰੈਂਸ ਤੇ ਦਾਊਦ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਵੇਚਣ ’ਤੇ ਕੰਪਨੀਆਂ ’ਤੇ ਮਾਮਲਾ ਦਰਜ

ਮੁੰਬਈ : ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੀ ਫੋਟੋ ਵਾਲੀ ਟੀ-ਸ਼ਰਟ ਆਨਲਾਈਨ ਵੇਚਣ ਨੂੰ ਲੈ ਕੇ ਈ-ਕੰਪਨੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਈਬਰ ਪੁਲਿਸ ਨੇ ਸਾਰੇ ਸਬੰਧਤ ਪਲੇਟਫਾਰਮਾਂ ਨੂੰ ਚਿੱਠੀ ਲਿਖ ਕੇ ਇਹ ਟੀ-ਸ਼ਰਟ ਖ਼ਰੀਦਣ ਵਾਲੇ ਗਾਹਕਾਂ ਦਾ ਬਿਓਰਾ ਮੰਗਿਆ ਹੈ ਅਤੇ ਜਾਂਚ ਕਰਨ ਲਈ ਸਾਰੇ ਵੇਚੇ ਗਏ ਮਾਲ ਨੂੰ ਜ਼ਬਤ ਕਰਨ ਦੀ ਯੋਜਨਾ ਬਣਾਈ ਹੈ।

ਸਾਈਬਰ ਸੁਰੱਖਿਆ ਅਧਿਕਾਰੀਆਂ ਵੱਲੋਂ ਆਨਲਾਈਨ ਨਿਗਰਾਨੀ ਦੌਰਾਨ ਪਾਇਆ ਗਿਆ ਕਿ ਫਲਿਪਕਾਰਟ, ਅਲੀ ਐਕਸਪ੍ਰੈੱਸ ਅਤੇ ਟੀਸ਼ਾਪਰ ਅਤੇ ਈਟੀਸੀ ਵਰਗੀਆਂ ਈ-ਕੰਪਨੀਆਂ ਸਣੇ ਕਈ ਈ-ਕਾਮਰਸ ਪਲੇਟਫਾਰਮ ਲਾਰੈਂਸ ਬਿਸ਼ਨੋਈ ਤੇ ਦਾਊਦ ਇਬਰਾਹਿਮ ਵਰਗੇ ਗੈਂਗਸਟਰਾਂ ਦਾ ਗੁਣਗਾਨ ਕਰਨ ਵਾਲੀਆਂ ਟੀ-ਸ਼ਰਟਾਂ ਵੇਚ ਰਹੇ ਸਨ। ਇਸ ਵਿਚੋਂ ਕੁਝ ਕੰਪਨੀਆਂ ਦੇ ਸਰਵਰ ਭਾਰਤ ਵਿਚ ਸਥਿਤ ਹਨ ਜਦਕਿ ਕੁਝ ਕੰਪਨੀਆਂ ਆਇਰਲੈਂਡ ਤੇ ਅਮਰੀਕਾ ਵਿਚ ਹਨ। ਸਾਈਬਰ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਾਰੈਂਸ ਤੇ ਦਾਊਦ ਦੀ ਫੋਟੋ ਵਾਲੀ ਟੀ-ਸ਼ਰਟ ਖ਼ਰੀਦਣ ਵਾਲਿਆਂ ਦੀ ਵੀ ਜਾਂਚ ਹੋਵੇਗੀ। ਇਹ ਪਤਾ ਲਾਇਆ ਜਾਵੇਗਾ ਕਿ ਇਹ ਲੋਕ ਲਾਰੈਂਸ ਜਾਂ ਦਾਊਦ ਗਿਰੋਹ ਨਾਲ ਕਿਸੇ ਵੀ ਤਰ੍ਹਾਂ ਜੁੜੇ ਤਾਂ ਨਹੀਂ ਹਨ ਜਾਂ ਇਨ੍ਹਾਂ ਲਈ ਕੰਮ ਤਾਂ ਨਹੀਂ ਕਰ ਰਹੇ ਹਨ। ਮਹਾਰਾਸ਼ਟਰ ਸਾਈਬਰ ਸੈੱਲ ਦੇ ਐੱਸਪੀ ਸੰਜੈ ਸ਼ਿੰਦੇ ਨੇ ਕਿਹਾ ਕਿ ਆਨਲਾਈਨ ਅਜਿਹੀ ਸਮੱਗਰੀ ਵੇਚਣਾ ਕਾਨੂੰਨ ਤੇ ਵਿਵਸਥਾ ਲਈ ਖ਼ਤਰਾ ਹੈ। ਮਹਾਰਾਸ਼ਟਰ ਸਾਈਬਰ ਸੈੱਲ ਨੇ ਇਨ੍ਹਾਂ ਉਤਪਾਦਾਂ ਨੂੰ ਸਮਾਜ ਲਈ ਹਾਨੀਕਾਰਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਵਿਅਕਤੀਆਂ ਨੂੰ ਆਦਰਸ਼ ਦੱਸਣ ਵਾਲੇ ਇਹ ਉਤਪਾਦ ਮਾੜੇ ਅਕਸ ਨੂੰ ਉਤਸ਼ਾਹਤ ਕਰ ਕੇ ਸਮਾਜ ਲਈ ਵੱਡਾ ਖ਼ਤਰਾ ਪੈਦਾ ਕਰਦੇ ਹਨ, ਜਿਸਦਾ ਨੌਜਵਾਨ ਮਨਾਂ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਮਹਾਰਾਸ਼ਟਰ ਪੁਲਿਸ ਦੀ ਸਾਈਬਰ ਸ਼ਾਖ਼ਾ ਨੇ ਇਨ੍ਹਾਂ ਇਤਰਾਜ਼ਯੋਗ ਉਤਪਾਦਾਂ ਨੂੰ ਸੂਚੀਬੱਧ ਕਰਨ ਲਈ ਜ਼ਿੰਮੇਵਾਰ ਵਿਕਰੇਤਾਵਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *