ਪਟਿਆਲਾ, 14 ਸਤੰਬਰ (ਦਲਜੀਤ ਸਿੰਘ)- ਪੇਂਡੂ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਹਜ਼ਾਰਾਂ ਮਜ਼ਦੂਰਾਂ ਨੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਘਿਰਾਓ ਕਰ ਦਿੱਤਾ। ਸਥਿਤੀ ਹੱਥੋਂ ਬਾਹਰ ਹੁੰਦਿਆਂ ਦੇਖ ਕੇ ਆਖ਼ਰ ਸਰਕਾਰ ਝੁਕ ਗਈ। ਇਸ ਰੋਹ ਅੱਗੇ ਪਾਵਰਕਾਮ ਨੇ ਹੁਕਮ ਜਾਰੀ ਕਰਦਿਆਂ ਮਜ਼ਦੂਰਾਂ ਦੇ ਪੁੱਟੇ ਹੋਏ ਮੀਟਰ ਬਿਨ੍ਹਾਂ ਸ਼ਰਤ ਜੋੜਨ, ਅੱਗੇ ਤੋਂ ਮੀਟਰ ਪੱਟਣੇ ਬੰਦ ਕਰਨ ਅਤੇ ਬਕਾਏ ਪਾਸੇ ਰੱਖ ਕੇ ਅੱਗੇ ਤੋਂ ਕਰੰਟ ਬਿੱਲ ਭੇਜਣ ਸਮੇਤ ਕਈ ਮੰਗਾਂ ਨੂੰ ਮੰਨ ਲਿਆ। ਇਸ ਤੋਂ ਬਿਨਾਂ ਸਰਕਾਰ ਮਜ਼ਦੂਰਾਂ ਦੇ ਕੱਟੇ ਹੋਏ ਪਲਾਟਾਂ ਦਾ ਕਬਜ਼ਾ ਇਕ ਮਹੀਨੇ ’ਚ ਦੇਣ, ਰਿਹਾਇਸ਼ੀ ਪਲਾਟ ਅਲਾਟ ਕਰਨ ਅਤੇ ਪੰਚਾਇਤੀ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਵਾਲੇ ਵਿਵਾਦਗ੍ਰਸਤ ਥਾਵਾਂ ਦਾ ਨਿਪਟਾਰਾ ਕਰਨ ਦੇ ਲਿਖ਼ਤੀ ਪੱਤਰ ਜਾਰੀ ਕਰਨ ਲਈ ਮਜਬੂਰ ਹੋ ਗਈ।
ਆਗੂਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਮੰਗਾਂ ਦੇ ਨਿਪਟਾਰੇ ਲਈ 23 ਸਤੰਬਰ ਨੂੰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਐੱਮ. ਪੀ. ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਮੀਟਿੰਗ ਬਾਰੇ ਵੀ ਪੱਤਰ ਅਧਿਕਾਰੀਆਂ ਵੱਲੋਂ ਮਜ਼ਦੂਰ ਆਗੂਆਂ ਨੂੰ ਸੌਂਪਿਆ ਗਿਆ।
ਇਸ ਮੌਕੇ ਮਜ਼ਦੂਰ ਆਗੂਆਂ ਨੇ ਇਸ ਨੂੰ ਅੰਸ਼ਕ ਜਿੱਤ ਕਰਾਰ ਦਿੰਦਿਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਸਬੰਧੀ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਕਸ਼ਮੀਰ ਸਿੰਘ ਘੁੱਗਸ਼ੋਰ ਤੇ ਬਲਦੇਵ ਸਿੰਘ ਨੂਰਪੁਰੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਫ਼ੈਸਲਿਆਂ ਬਾਰੇ ਪਟਿਆਲਾ ਦੇ ਤਹਿਸੀਲਦਾਰ ਤੇ ਐੱਸ. ਪੀ. ਕੇਸਰ ਸਿੰਘ ਵੱਲੋਂ ਮਜ਼ਦੂਰਾਂ ਦੇ ਇਕੱਠ ’ਚ ਆ ਕੇ ਐਲਾਨ ਕੀਤਾ ਗਿਆ ਅਤੇ ਪੱਤਰ ਸੌਂਪੇ ਗਏ।