ਪ੍ਰਯਾਗਰਾਜ : ਬ੍ਰਹਮ, ਵਿਸ਼ਾਲ ਤੇ ਸੁਰੱਖਿਅਤ ਮਹਾਕੁੰਭ ਦੌਰਾਨ ਇੰਟਰਨੈੱਟ ਮੀਡੀਆ ਲਈ ਰੀਲਾਂ ਬਣਾਉਣ ਤੇ ਸੈਲਫੀ ਲੈਣ ‘ਤੇ ਪਾਬੰਦੀ ਹੋਵੇਗੀ। ਭੀੜ ਤੇ ਟ੍ਰੈਫਿਕ ਪ੍ਰਬੰਧਨ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਮੇਲੇ ਵਾਲੀ ਥਾਂ ‘ਤੇ ਤਾਇਨਾਤ ਪੁਲਿਸ ਤੇ ਸੁਰੱਖਿਆ ਮੁਲਾਜ਼ਮ ਰੀਲਾਂ ਬਣਾਉਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖਣਗੇ।
ਉਲੰਘਣਾ ਕਰਨ ਵਾਲਿਆਂ ਦਾ ਮੋਬਾਈਲ ਜ਼ਬਤ ਕਰ ਲਿਆ ਜਾਵੇਗਾ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੀ ਇਸ ਸਖ਼ਤੀ ਨਾਲ ਯੂਟਿਊਬਰ, ਡਿਜੀਟਲ ਕ੍ਰਿਏਟਰਾਂ, ਰੀਲਾਂ ਬਣਾਉਣ ਤੇ ਸੈਲਫੀ ਲੈਣ ਦੇ ਸ਼ੌਕੀਨ ਨੌਜਵਾਨਾਂ ਨੂੰ ਹੈਰਾਨ ਕਰ ਸਕਦੀ ਹੈ ਪਰ ਇਹ ਯਕੀਨੀ ਬਣਾਉਣਾ ਜ਼ਰੂਰੀ ਮੰਨਿਆ ਜਾਂਦਾ ਹੈ ਕਿ ਮਹਾਕੁੰਭ ਦੌਰਾਨ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ।
ਮਹਾਕੁੰਭ-2025 ‘ਚ ਦੇਸ਼-ਵਿਦੇਸ਼ ਤੋਂ ਲਗਪਗ 45 ਕਰੋੜ ਸ਼ਰਧਾਲੂ, ਇਸ਼ਨਾਨ ਕਰਨ ਵਾਲੇ, ਕਲਪਵਾਸੀ ਤੇ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਅਜਿਹੇ ‘ਚ ਉਨ੍ਹਾਂ ਦੀ ਸੁਰੱਖਿਆ ਦੇ ਨਾਲ-ਨਾਲ ਸਹੂਲਤ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਖਾੜਿਆਂ ਦਾ ਉਦਘਾਟਨ ਮੁੱਖ ਇਸ਼ਨਾਨ ਸਮਾਗਮ ‘ਤੇ ਕੀਤਾ ਜਾਵੇਗਾ। ਉਨ੍ਹਾਂ ਦੀ ਸ਼ਾਨ ਤੇ ਸਦੀਵੀ ਸੱਭਿਆਚਾਰ ਨੂੰ ਦੇਖਣ ਲਈ ਅਚਾਨਕ ਸ਼ਰਧਾਲੂਆਂ ਦੀ ਭੀੜ ਇਕੱਠੀ ਹੋ ਜਾਂਦੀ ਹੈ।
ਸੰਗਮ ਨੋਜ਼ ਸਮੇਤ ਦੂਸਰੇ ਇਸ਼ਨਾਨ ਘਾਟ, ਵੱਡੇ ਹਨੂਮਾਨ ਮੰਦਰ ਸਮੇਤ ਹੋਰ ਧਾਰਮਿਕ ਤੇ ਦਾਰਸ਼ਨਿਕ ਸਥਾਨਾਂ ‘ਤੇ ਭੀੜ ਰਹੇਗੀ। ਇਨ੍ਹਾਂ ਸਭ ਦੇ ਵਿਚਕਾਰ ਜੇ ਉੱਥੇ ਨੌਜਵਾਨ ਮੁੰਡੇ-ਕੁੜੀਆਂ ਪਹੁੰਚ ਕੇ ਰੀਲ ਬਣਾਉਂਦੇ ਹਨ ਜਾਂ ਸੈਲਫੀ ਲੈਂਦੇ ਹਨ ਤਾਂ ਅਸਹਿਜ ਸਥਿਤੀ ਪੈਦਾ ਹੋ ਸਕਦੀ ਹੈ।
ਇਹ ਵੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਜਿਵੇਂ-ਜਿਵੇਂ ਇੰਟਰਨੈੱਟ ਮੀਡੀਆ ਦੀਆਂ ਰੀਲਾਂ ਬਣਾਉਣ ਵਾਲਿਆਂ ਦੀ ਗਿਣਤੀ ਵਧੀ ਹੈ, ਜੇਕਰ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਟੋਲਾ ਮੇਲਾ ਖੇਤਰ ‘ਚ ਪਹੁੰਚ ਜਾਂਦਾ ਹੈ ਤਾਂ ਉਹ ਲੰਮਾ ਸਮਾਂ ਇਕ ਥਾਂ ‘ਤੇ ਹੀ ਰਹੇਗਾ। ਇਸ ਨਾਲ ਆਵਾਜਾਈ ਤੇ ਭੀੜ ਪ੍ਰਬੰਧਨ ਪ੍ਰਣਾਲੀ ਵੀ ਪ੍ਰਭਾਵਿਤ ਹੋਵੇਗੀ। ਅਜਿਹੇ ਕਈ ਕਾਰਨਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਮਹਾਕੁੰਭ ਦੌਰਾਨ ਲੋਕਾਂ ‘ਤੇ ਰੀਲਾਂ ਬਣਾਉਣ, ਵੀਡੀਓ ਸ਼ੂਟ ਕਰਨ ਤੇ ਸੈਲਫੀ ਲੈਣ ‘ਤੇ ਪਾਬੰਦੀ ਹੋਵੇਗੀ।