ਮਥੁਰਾ- ਮਥੁਰਾ ਦੇ ਵਰਿੰਦਾਵਨ ਸਥਿਤ ਗੌਰੀ ਗੋਪਾਲ ਆਸ਼ਰਮ ‘ਚ ਭੋਜਨ ਵੰਡਣ ਦੌਰਾਨ ਇਕ ਕਰਮਚਾਰੀ ਦਾ ਪੈਰ ਫਿਸਲ ਗਿਆ ਅਤੇ ਗਰਮ ਖਿਚੜੀ ਨਾਲ ਭਰਿਆ ਪਤੀਲਾ ਸ਼ਰਧਾਲੂਆਂ ‘ਤੇ ਪਲਟ ਦਿਆ, ਜਿਸ ਕਾਰਨ ਪੱਛਮੀ ਬੰਗਾਲ ਦੀਆਂ 10 ਔਰਤਾਂ ਝੁਲਸ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਔਰਤਾਂ ਨੂੰ ਆਸ਼ਰਮ ਦੀ ਐਂਬੂਲੈਂਸ ‘ਚ ਸੰਯੁਕਤ ਜ਼ਿਲਾ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੇ ਦੋ ਸ਼ਰਧਾਲੂਆਂ ਨੂੰ ਤੁਰੰਤ ਐਸ.ਐਨ. ਮੈਡੀਕਲ ਕਾਲਜ, ਆਗਰਾ ਰੈਫਰ ਕਰ ਦਿੱਤਾ ਗਿਆ।
ਸੰਯੁਕਤ ਜ਼ਿਲ੍ਹਾ ਹਸਪਤਾਲ ਦੀ ਚੀਫ਼ ਮੈਡੀਕਲ ਸੁਪਰਡੈਂਟ ਵੰਦਨਾ ਅਗਰਵਾਲ ਨੇ ਦੱਸਿਆ ਕਿ ਪੱਛਮੀ ਬੰਗਾਲ ਤੋਂ ਸ਼ਰਧਾਲੂਆਂ ਦਾ ਇਕ ਸਮੂਹ ਵਰਿੰਦਾਵਨ ਦੀ ਧਾਰਮਿਕ ਯਾਤਰਾ ‘ਤੇ ਆਇਆ ਹੋਇਆ ਹੈ ਅਤੇ ਸ਼ੁੱਕਰਵਾਰ ਸਵੇਰੇ ਸਾਰੇ ਸ਼ਰਧਾਲੂ ਪਰਿਕਰਮਾ ਮਾਰਗ ਸੰਤ ਕਾਲੋਨੀ ਸਥਿਤ ਗੌਰੀ ਗੋਪਾਲ ਆਸ਼ਰਮ ਪਹੁੰਚੇ, ਜਿੱਥੇ ਬਾਹਰ ਭੋਜਨ ਪਰੋਸਿਆ ਗਿਆ। ਆਸ਼ਰਮ ਵਿਚ ਭੋਜਨ ਆਮ ਵਾਂਗ ਵੰਡਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਪ੍ਰਸ਼ਾਦ ਲੈਣ ਲਈ ਕਤਾਰ ਵਿਚ ਖੜ੍ਹੇ ਸਨ ਪਰ ਉਦੋਂ ਖਿਚੜੀ ਨਾਲ ਭਰਿਆ ਪਤੀਲਾ ਲੈ ਕੇ ਜਾ ਰਹੇ ਕਾਮੇ ਦਾ ਪੈਰ ਫਿਸਲ ਗਿਆ, ਜਿਸ ਕਾਰਨ ਗਰਮ ਖਿਚੜੀ ਸ਼ਰਧਾਲੂਆਂ ’ਤੇ ਡਿੱਗ ਪਈ।
ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ 10 ਮਹਿਲਾ ਸ਼ਰਧਾਲੂ ਝੁਲਸ ਗਈਆਂ ਅਤੇ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ। ਗੌਰੀ ਗੋਪਾਲ ਆਸ਼ਰਮ ਦੇ ਸੰਚਾਲਕ ਅਤੇ ਕਥਾਵਾਚਕ ਅਨਿਰੁੱਧਾਚਾਰੀਆ ਨੇ ਦੱਸਿਆ ਕਿ ਆਸ਼ਰਮ ‘ਚ ਹਰ ਰੋਜ਼ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਜਾਂਦਾ ਹੈ ਅਤੇ ਕਰਮਚਾਰੀ ਦਾ ਪੈਰ ਅਚਾਨਕ ਫਿਸਲਣ ਜਾਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਝੁਲਸੀਆਂ ਸਾਰੀਆਂ ਔਰਤਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।