ਮੋਗਾ, 13 ਸਤੰਬਰ (ਦਲਜੀਤ ਸਿੰਘ)- ਆਪਣੀਆਂ ਮਾਂਗਾ ਨੂੰ ਲੈ ਕੇ ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਵੱਲੋਂ 6 ਤਾਰੀਖ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਉਸ ਤਹਿਤ ਅੱਜ ਪੰਜਾਬ ਦੇ 27 ਡਿਪੂਆਂ ਵਿੱਚ ਕਰਮਚਾਰੀਆਂ ਵੱਲੋਂ ਢੋਲ ਮਾਰਚ ਕੱਢਿਆ ਜਾਣਾ ਸੀ, ਪਰ ਇਹ ਢੋਲ ਮਾਰਚ ਕਰਮਚਾਰੀਆਂ ਵੱਲੋਂ ਰੱਦ ਕਰਕੇ ਕਿਸਾਨ ਜਥੇਬੰਦੀਆਂ ਦੀ ਕਾਲ ‘ਤੇ ਬਿਲਕੁਲ ਸ਼ਾਂਤਮਈ ਢੰਗ ਨਾਲ ਕੱਢਿਆ ਗਿਆ। ਕਿਸੇ ਵੀ ਤਰ੍ਹਾਂ ਦਾ ਢੋਲ ਇਸ ਮਾਰਚ ਵਿੱਚ ਨਹੀਂ ਸ਼ਾਮਲ ਕੀਤਾ ਗਿਆ। ਕਰਮਚਾਰੀਆਂ ਨੇ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਸਰਕਾਰ ਸਾਨੂੰ ਨੋਟਿਸ ਭੇਜ ਰਹੀ ਹੈ ਕਿ ਜੇਕਰ ਮੁਲਾਜ਼ਮਾ ਵੱਲੋਂ ਹੜਤਾਲ ਵਾਪਸ ਨਹੀਂ ਲਈ ਤਾਂ ਉਨ੍ਹਾਂ ਉੱਤੇ ਵਿਭਾਗ ਕਾਰਵਾਈ ਕਰੇਗਾ। ਉਨ੍ਹਾਂ ਨੇ ਕਿਹਾ ਕਿ ਨੋਟਿਸ ਵਿੱਚ ਇੱਥੋਂ ਤੱਕ ਵੀ ਲਿਿਖਆ ਹੈ ਕਿ ਜੋ ਵਿੱਤੀ ਨੁਕਸਾਨ ਪੰਜਾਬ ਸਰਕਾਰ ਨੂੰ ਇਨ੍ਹਾਂ ਦਿਨਾਂ ਵਿੱਚ ਹੋਇਆ ਹੈ, ਉਸ ਦਾ ਹਰਜਾਨਾ ਪੰਜਾਬ ਸਰਕਾਰ ਕਰਮਚਾਰੀਆਂ ਕੋਲੋਂ ਭਰੇਗੀ।
ਉਨ੍ਹਾਂ ਨੇ ਕਿਹਾ ਕਿ ਅਸੀ ਹੈਰਾਨ ਹਾਂ ਕਿ ਸਾਨੂੰ ਤਾਂ ਨੋਟਿਸ ਭੇਜਿਆ ਹੀ ਹੈ, ਇੱਥੋਂ ਤੱਕ ਕਿ ਸਾਡੇ ਇੱਕ ਸਾਥੀ ਜਿਸ ਦੀ ਮੌਤ ਹੋ ਚੁੱਕੀ ਹੈ, ਉਸ ਦੇ ਘਰ ਵੀ ਨੋਟਿਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਅਜਿਹੀ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜੇਕਰ 14 ਤਾਰੀਖ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 15 ਤਾਰੀਖ ਤੋਂ ਨੈਸ਼ਨਲ ਹਾਈਵੇਅ ਜਾਮ ਕਰਨਗੇ।