ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਜ਼ਿਮਨੀ ਚੋਣ ਦੇ ਮੁੱਖ ਮੁਕਾਬਲੇ ’ਚ ਸ਼ਾਮਲ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਕਾਰੋਬਾਰ ਅਤੇ ਕਮਾਈ ਪੱਖੋਂ ਆਪਣੇ ਵਿਰੋਧੀ ਉਮੀਦਵਾਰਾਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਦੇ ਮਨਪ੍ਰੀਤ ਸਿੰਘ ਬਾਦਲ ਨਾਲੋਂ ਮੋਹਰੀ ਹੈ। ਨਾਮਜ਼ਦਗੀ ਪੱਤਰਾਂ ਦੇ ਨਾਲ ਨੱਥੀ ਵੇਰਵਿਆਂ ਅਨੁਸਾਰ ਪਰਿਵਾਰਕ ਕਾਰੋਬਾਰ ਨਾਲ ਜੁੜੀ ਅੰਮ੍ਰਿਤਾ ਵੜਿੰਗ ਦੀ ਆਮਦਨ ਹਰ ਵਰ੍ਹੇ ਵੱਧੀ ਹੈ। 2021-22 ਵਿੱਚ ਉਨ੍ਹਾਂ ਦੀ ਆਮਦਨ 23.91 ਲੱਖ ਰੁਪਏ ਸੀ, ਜੋ ਕਿ 2023-24 ਵਿੱਚ ਵਧਕੇ 77.47 ਲੱਖ ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਪਤੀ ਅਮਰਿੰਦਰ ਸਿੰਘ ਦੀ ਆਮਦਨ ਵੀ ਕਈ ਗੁਣਾ ਵਧੀ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਜੋ ਖੇਤੀਬਾੜੀ ਦੇ ਨਾਲ-ਨਾਲ ‘ਦੀਪ ਬੱਸ ਕੰਪਨੀ’ ਵੀ ਚਲਾ ਰਹੇ ਹਨ, ਦੀ ਆਮਦਨ ਘਟਦੀ ਜਾ ਰਹੀ ਹੈ। ਆਮਦਨ ਕਰ ਰਿਪੋਰਟ ਅਨੁਸਾਰ ਉਨ੍ਹਾਂ ਦੀ 2021-22 ਵਿੱਚ ਆਮਦਨ ਕਰੀਬ 19.54 ਲੱਖ ਰੁਪਏ ਸੀ ਜੋ ਕਿ ਹੁਣ 2023-24 ਵਿੱਚ ਘਟਕੇ 13.19 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਦੀ ਆਮਦਨ ਵੀ ਪਿਛਲੇ ਤਿੰਨ ਸਾਲਾਂ ’ਚ ਕਰੀਬ 9 ਲੱਖ ਰੁਪਏ ਘਟ ਗਈ ਹੈ। ਸਾਲ 21-22 ਵਿੱਚ ਡਿੰਪੀ ਦੇ ਸਾਂਝੇ ਪਰਿਵਾਰ ਦੀ ਆਮਦਨ 34.50 ਲੱਖ ਰੁਪਏ ਜਦੋਂ ਕਿ ਹੁਣ ਘਟਕੇ 25.93 ਲੱਖ ਰੁਪਏ ਰਹਿ ਗਈ ਹੈ।
ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵਿਧਾਨ ਸਭਾ ਤੋਂ ਤਨਖਾਹ, ਖੇਤੀਬਾੜੀ, ਕਿਰਾਏ ਅਤੇ ਵਿਆਜ ਸਮੇਤ 2021-22 ਵਿੱਚ 18.24 ਲੱਖ ਰੁਪਏ ਦੇ ਕਰੀਬ ਆਮਦਨ ਸੀ, ਜੋ ਕਿ ਹੁਣ ਹੁਣ 2023-24 ਵਿੱਚ ਕਰੀਬ 16 ਲੱਖ ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਪਰਿਵਾਰਕ ਆਮਦਨ (ਐਚਯੂਐਫ) ਜੋ 2021-22 ਵਿੱਚ 2.75 ਕਰੋੜ ਰੁਪਏ ਸੀ 2023-24 ਵਿੱਚ 2.50 ਕਰੋੜ ਰੁਪਏ ਰਹਿ ਗਈ ਹੈ।
ਦੂਜੇ ਪਾਸੇ ਉਨ੍ਹਾਂ ਦੇ ਸਾਂਝੇ ਪਰਿਵਾਰ ਸਿਰ ਛੇ ਸਾਲ ਪਹਿਲਾਂ ਕਰੀਬ ਦੋ ਕਰੋੜ ਰੁਪਏ ਦਾ ਕਰਜ਼ਾ ਸੀ ਜਿਹੜਾ ਕਿ ਹੁਣ ਵਧਕੇ ਕਰੀਬ 11 ਕਰੋੜ ਰੁਪਏ ਹੋ ਗਿਆ। ਇਸ ਵਿਚ ਬਠਿੰਡਾ ਵਿਖੇ ਸਥਿਤ ਦੋ ਪਲਾਟਾਂ ਦਾ ਕਰੀਬ 3 ਕਰੋੜ ਰੁਪਏ ਦਾ ਕਰਜ਼ਾ ਵੀ ਸ਼ਾਮਲ ਹੈ। ਇਸ ਤੋਂ ਬਿਨ੍ਹਾਂ ਉਨ੍ਹਾਂ ਦੇ ਸਾਂਝੇ ਪਰਿਵਾਰ ਦੇ ਸਿਰ 3.52 ਕਰੋੜ ਰੁਪਏ ਦਾ ਆਮਦਨ ਕਰ ਬਕਾਇਆ ਹੈ ਜਿਸਦੀ ਅਪੀਲ ਵਿਭਾਗ ਕੋਲ ਲੰਬਿਤ ਹੈ।