ਲੁਧਿਆਣਾ : ਪੰਜਾਬ ’ਚ ਅਕਤੂਬਰ ਦੇ ਤੀਜੇ ਹਫ਼ਤੇ ਦੇ ਅਖੀਰ ’ਚ ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ। ਪਿਛਲੇ ਇਕ ਹਫ਼ਤੇ ਤੋਂ ਕਈ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਦੋ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਵੀ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਬਠਿੰਡਾ, ਫ਼ਰੀਦਕੋਟ, ਗੁਰਦਾਸਪੁਰ ’ਚ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਸੀ, ਜਦਕਿ ਦਿਨ ਦਾ ਤਾਪਮਾਨ ਇਕ ਤੋਂ ਦੋ ਡਿਗਰੀ ਵਧ ਰਿਹਾ। ਮੌਸਮ ਵਿਭਾਗ ਮੁਤਾਬਕ 25 ਅਕਤੂਬਰ ਤੱਕ ਪੰਜਾਬ ’ਚ ਮੌਸਮ ਖ਼ੁਸ਼ਕ ਰਹੇਗਾ। ਇਸ ਦੌਰਾਨ ਕਿਤੇ ਵੀ ਬੱਦਲ ਤੇ ਬਾਰਿਸ਼ ਦੀ ਸੰਭਾਵਨਾ ਨਹੀਂ ਹੈ, ਪਰ 26 ਅਕਤੂਬਰ ਤੋਂ ਪੰਜਾਬ ’ਚ ਮੌਸਮ ਬਦਲ ਸਕਦਾ ਹੈ। ਇਸ ਤਰ੍ਹਾਂ ਪਾਕਿਸਤਾਨ ’ਚ ਪੱਛਮੀ ਗੜਬੜੀ ਦੀ ਸਥਿਤੀ ਬਣਨ ਨਾਲ ਹੋ ਸਕਦਾ ਹੈ। ਇਸ ਪੱਛਮੀ ਗੜਬੜੀ ਕਾਰਨ ਦੀਵਾਲੀ ਤੋਂ ਪਹਿਲਾਂ ਪੰਜਾਬ ’ਚ ਠੰਢ ਦੀ ਸ਼ੁਰੂਆਤ ਹੋ ਜਾਵੇਗੀ। ਹਾਲਾਂਕਿ, ਅਜੇ ਤੜਕੇ ਹਲਕੀ-ਹਲਕੀ ਠੰਢ ਮਹਿਸੂਸ ਹੋ ਰਹੀ ਹੈ, ਪਰ ਦਿਨ ਵੇਲੇ ਗਰਮੀ ਰਹਿੰਦੀ ਹੈ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਨਵੰਬਰ ਤੋਂ ਪਹਿਲਾਂ ਦਿਨ ਤੇ ਰਾਤ ਦਾ ਤਾਪਮਾਨ ਘੱਟ ਹੋਵੇਗਾ।
Punjab Weather Update: ਸੂਬੇ ‘ਚ ਇਸ ਮਿਤੀ ਤੋਂ ਬਦਲੇਗਾ ਮੌਸਮ, ਠੰਢ ਦੀ ਹੋਵੇਗੀ ਸ਼ੁਰੂਆਤ
