ਜਲੰਧਰ – ਜਲੰਧਰ ਨੇੜੇ ਪਿੰਡ ਪ੍ਰਤਾਪਪੁਰਾ ‘ਚ ਕਰੀਬ 3.5 ਏਕੜ ‘ਚ ਨਵਾਂ ਰਾਧਾ ਸੁਆਮੀ ਸਤਿਸੰਗ ਘਰ ਬਣਨ ਜਾ ਰਿਹਾ ਹੈ। ਇਸ ਦੀ ਚਾਰਦੀਵਾਰੀ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਹ ਕੰਮ ਹੋਰ ਕੋਈ ਨਹੀਂ ਸਗੋਂ ਡੇਰੇ ਦੇ ਸੇਵਾਦਾਰ ਹੀ ਕਰ ਰਹੇ ਹਨ। ਇਸ ਚਾਰਦੀਵਾਰੀ ਨੂੰ ਪੂਰਾ ਕਰਨ ਲਈ ਡੇਰੇ ਨੇ 12 ਘੰਟੇ ਦਾ ਟੀਚਾ ਰੱਖਿਆ ਹੈ। ਡੇਰੇ ਦੇ ਸੇਵਾਦਾਰ ਗੁਰੂ ਜੀ ਦੀ ਮਿਹਰ ਨਾਲ ਸੇਵਾ ਕਰ ਰਹੇ ਹਨ। ਇਸ ਮੌਕੇ 2 ਹਜ਼ਾਰ ਤੋਂ ਵਧੇਰੇ ਸੇਵਾਦਾਰ ਕਾਰਜ ਕਰ ਰਹੇ ਹਨ।
ਡੇਰੇ ਦੇ ਸੇਵਾਦਾਰਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 6 ਵਜੇ ਕੰਮ ਸ਼ੁਰੂ ਹੋਇਆ ਸੀ, ਜਿਸ ਨੂੰ ਸ਼ਾਮ 6 ਵਜੇ ਤੱਕ ਪੂਰਾ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰੇ ਵੱਲੋਂ ਇਸ ਕਾਰਜ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸੇਵਾਦਾਰਾਂ ਲਈ ਖਾਣ-ਪੀਣ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਕਾਰ ਪਾਰਕਿੰਗ ਅਤੇ ਟਾਇਲਟ ਵੀ ਬਣਾਏ ਗਏ ਹਨ। ਇਸ ਮੌਕੇ ਉਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ।