ਚੰਡੀਗੜ੍ਹ, 10 ਸਤੰਬਰ (ਦਲਜੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਆਉਂਦੇ ਤਿਉਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਮੌਜੂਦਾ ਕੋਵਿਡ ਪਾਬੰਦੀਆਂ ਵਿਚ 30 ਸਤੰਬਰ ਤੱਕ ਵਾਧਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ ਅਤੇ ਸਾਰੇ ਇਕੱਠਾਂ, ਸਿਆਸੀ ਇਕੱਠਾਂ ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ 300 ਤੈਅ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਸਮੂਹ ਪ੍ਰਬੰਧਕਾਂ, ਸਿਆਸੀ ਧਿਰਾਂ ਸਮੇਤ, ਲਈ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਤਿਉਹਾਰਾਂ ਨਾਲ ਸਬੰਧਤ ਸਮਾਗਮਾਂ ਮੌਕੇ ਲਾਏ ਜਾਣ ਵਾਲੇ ਖਾਣੇ ਦੇ ਸਟਾਲਾਂ ਆਦਿ ਵਿਖੇ ਤਾਇਨਾਤ ਸਟਾਫ, ਮੈਨੇਜਮੈਂਟ ਅਤੇ ਸ਼ਿਰਕਤ ਕਰਨ ਵਾਲਿਆਂ ਨੇ ਪੂਰਨ ਤੌਰ ’ਤੇ ਟੀਕਾਕਰਨ ਕਰਵਾਇਆ ਹੋਵੇ ਜਾਂ ਘੱਟੋ-ਘੱਟ ਇਕ ਟੀਕਾ ਲਗਵਾਇਆ ਹੋਵੇ।
ਤਿਉਹਾਰਾਂ ਨੂੰ ਵੇਖਦੇ ਹੋਏ ਲਗਾਤਾਰ ਚੌਕਸੀ ਰੱਖਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਇਸ ਸਬੰਧ ਵਿਚ ਮਿਸਾਲ ਪੇਸ਼ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਪਾਬੰਦੀਆਂ ਦੀ ਪਾਲਣਾ ਸਭਨਾਂ ਦੁਆਰਾ ਯਕੀਨੀ ਬਣਾਈ ਜਾਵੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਮੌਕੇ ਕਿਹਾ ਕਿ ਕੋਵਿਡ ਦੇ ਮਾਮਲਿਆਂ ਦੀ ਘੱਟਦੀ ਗਿਣਤੀ ਦੇ ਮੱਦੇਨਜ਼ਰ ਲੋਕ ਮਾਸਕ ਪਾਉਣ ਦੇ ਮਾਮਲੇ ਵਿਚ ਅਵੇਸਲੇ ਹੋ ਰਹੇ ਹਨ ਅਤੇ ਇਸ ਸਬੰਧੀ ਸਿਹਤ ਵਿਭਾਗ ਨੂੰ ਪੁਲਸ ਦੀ ਮਦਦ ਨਾਲ ਕੋਵਿਡ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਵਾਉਣੀਆਂ ਚਾਹੀਦੀਆਂ ਹਨ।