ਭੋਪਾਲ : ਦਿੱਲੀ ਵਿਚ ਲੰਘੀ ਦੋ ਅਕਤੂਬਰ ਨੂੰ ਲਗਪਗ ਪੰਜ ਹਜ਼ਾਰ ਕਰੋੜ ਦੇ ਨਸ਼ੀਲੇ ਪਦਾਰਥ ਫੜੇ ਜਾਣ ਤੋਂ ਬਾਅਦ ਐਤਵਾਰ ਨੂੰ ਭੋਪਾਲ ਵਿਚ ਵੀ ਵੱਡੀ ਬਰਾਮਦਗੀ ਹੋਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਗੁਜਰਾਤ ਏਟੀਐੱਸ ਨੇ ਬਗਰੋਦਾ ਉਦਯੋਗਿਕ ਖੇਤਰ ਵਿਚ ਬੰਦ ਪਈ ਫੈਕਟਰੀ ਵਿਚ ਨਸ਼ੀਲਾ ਡਰੱਗ ਐੱਮਡੀ (ਮੈਫੋਡ੍ਰੋਨ) ਬਣਾਉਣ ਦਾ ਕਾਰਖ਼ਾਨਾ ਫੜਿਆ ਅਤੇ ਉੱਥੋਂ ਡਰੱਗ ਤੇ ਇਸਨੂੰ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਜ਼ਬਤ ਕੀਤਾ ਹੈ। ਛਾਪੇ ਵਿਚ 907 ਕਿੱਲੋ ਐੱਮਡੀ ਡਰੱਗ ਠੋਸ ਤੇ ਤਰਲ ਰੂਪ ਵਿਚ ਮਿਲਿਆ ਹੈ। ਮੌਕੇ ਤੋਂ ਨਾਸਿਕ ਦੇ ਸਾਨਿਆਲ ਬਾਨੇ ਅਤੇ ਭੋਪਾਲ ਦੇ ਕੋਟਰਾ ਸੁਲਤਾਨਾਬਾਦ ਨਿਵਾਸੀ ਅਮਿਤ ਪ੍ਰਕਾਸ਼ ਚਤੁਰਵੇਦੀ ਨੂੰ ਡਰੱਗ ਬਣਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਏਟੀਐੱਸ ਗੁਜਰਾਤ ਲੈ ਗਈ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਐਕਸ ’ਤੇ ਪੋਸਟ ਕਰ ਕੇ ਕਿਹਾ ਹੈ ਕਿ ਏਟੀਐੱਸ ਤੇ ਐੱਨਸੀਬੀ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰ ਕੇ ਡਰੱਗ ਤੇ ਇਸਨੂੰ ਬਣਾਉਣ ਦੀ ਸਮੱਗਰੀ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 1,814 ਕਰੋੜ ਹੈ।
ਦਿੱਲੀ ਤੋਂ ਬਾਅਦ ਭੋਪਾਲ ’ਚ ਡਰੱਗਜ਼ ਦੀ ਵੱਡੀ ਬਰਾਮਦਗੀ, 907 ਕਿੱਲੋ ਐੱਮਡੀ ਜ਼ਬਤ, ਦੋ ਗ੍ਰਿਫ਼ਤਾਰ
