ਬਠਿੰਡਾ : ਸੂਬੇ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਜੱਸਾ ਬੁਰਜ ਗੈਂਗ ਦੇ ਸਰਗਨੇ ਜਸਪ੍ਰੀਤ ਸਿੰਘ ਉਰਫ਼ ਜੱਸਾ ਨੂੰ ਉਸਦੇ ਤਿੰਨ ਸਾਥੀਆਂ ਨੂੰ .32 ਬੋਰ ਦੇ ਚਾਰ ਪਿਸਤੌਲ ਅਤੇ 11 ਜਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਡਕੈਤੀ ਦੀ ਇੱਕ ਸੰਭਾਵੀ ਵਾਰਦਾਤ ਨੂੰ ਨਾਕਾਮ ਕੀਤਾ ਹੈ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਤਿੰਨਾਂ ਸਾਥੀਆਂ ਦੀ ਪਛਾਣ ਕਰਨਵੀਰ ਸਿੰਘ ਉਰਫ ਕਰਨੀ ਵਾਸੀ ਪਿੰਡ ਗੁਲਾਬਗੜ੍ਹ, ਰੇਸ਼ਮ ਸਿੰਘ ਵਾਸੀ ਪਿੰਡ ਚੱਠਾ ਅਤੇ ਹਰਦੀਪ ਸਿੰਘ ਉਰਫ ਅਰਸ਼ੀ ਵਾਸੀ ਪਿੰਡ ਸੇਖੂ ਵਜੋਂ ਹੋਈ ਹੈ। ਉਹਨਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਉਹ ਹਥਿਆਰਾਂ ਦੀ ਸਪਲਾਈ, ਖੋਹ, ਅਗਵਾ ਅਤੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਅਤੇ ਬਠਿੰਡਾ ਪੁਲਿਸ ਨੇ ਬਠਿੰਡਾ ਦੇ ਰਿੰਗ ਰੋਡ ਤੋਂ ਮੁਲਜ਼ਮਾਂ ਨੂੰ ਦਬੋਚ ਲਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਅਸਲਾ ਬਰਾਮਦ ਕੀਤਾ। ਪੁਲੀਸ ਟੀਮਾਂ ਦੀ ਅਗਵਾਈ ਡੀਐਸਪੀ ਏਜੀਟੀਐਫ ਜਸਪਾਲ ਸਿੰਘ, ਡੀਐਸਪੀ ਸਿਟੀ-2 ਸਰਬਜੀਤ ਸਿੰਘ ਅਤੇ ਇੰਚਾਰਜ ਸੀਆਈਏ-2 ਬਠਿੰਡਾ ਇੰਸਪੈਕਟਰ ਕਰਨਦੀਪ ਸਿੰਘ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਬਠਿੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਇਲਾਕੇ ਵਿੱਚ ਇੱਕ ਫਾਈਨਾਂਸਰ ਨੂੰ ਨਿਸ਼ਾਨਾ ਬਣਾ ਕੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਅਮਨੀਤ ਕੋਂਡਲ ਨੇ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਉਸ ਦੇ ਸਾਥੀਆਂ ਨੂੰ ਪਿਛਲੇ ਮਹੀਨੇ ਡੀਏਵੀ ਕਾਲਜ ਬਠਿੰਡਾ ਵਿੱਚ ਵਾਪਰੀ ਹਿੰਸਕ ਘਟਨਾ ਵਿੱਚ ਵੀ ਸ਼ਾਮਲ ਪਾਇਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਜਸਪ੍ਰੀਤ ਉਰਫ ਜੱਸਾ ਘਿਨਾਉਣੇ ਅਪਰਾਧ ਦੇ ਘੱਟੋ-ਘੱਟ 11 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਕੈਂਟ ਬਠਿੰਡਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 27, ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 111 ਤਹਿਤ ਐਫਆਈਆਰ ਨੰਬਰ 79 ਮਿਤੀ 03/10/2024 ਦਰਜ ਕੀਤੀ ਗਈ ਹੈ।