Muktsar News : ਪੁਲਿਸ ਵੱਲੋਂ ਹਰਿਆਣਾ-ਰਾਜਸਥਾਨ ਸਰਹੱਦਾਂ ‘ਤੇ ਚਲਾਇਆ ਸਰਚ ਅਭਿਆਨ

ਸ੍ਰੀ ਮੁਕਤਸਰ ਸਾਹਿਬ : ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਐਸਐਸਪੀ ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਅਪਰੇਸ਼ਨ ਸੀਲ ਚਲਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਦੀਆਂ ਹਰਿਆਣਾ ਤੇ ਰਾਜਸਥਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ’ਚ ਹਰਿਆਣਾ ਤੇ ਰਾਜਸਥਾਨ ਪੁਲਿਸ ਨਾਲ ਸਾਂਝਦਾਰੀ ਕਰਕੇ ਕੁੱਲ 19 ਨਾਕੇ ਲਗਾਏ ਗਏ, ਜਿਨ੍ਹਾਂ ’ਚੋਂ 13 ਨਾਕੇ ਹਰਿਆਣਾ ਤੇ 06 ਨਾਕੇ ਰਾਜਸਥਾਨ ਸਰਹੱਦ ਨਾਲ ਲਗਾਏ ਗਏ।

ਚੈਕਿੰਗ ਦੌਰਾਨ ਦੋਹਾਂ ਰਾਜਾਂ ਦੀ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਮਿਲ ਕੇ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਸਖ਼ਤ ਚੈਕਿੰਗ ਕੀਤੀ। ਇਸ ਅਪਰੇਸ਼ਨ ’ਚ ਡੀਐਸਪੀ ਲੰਬੀ ਜਸਪਾਲ ਸਿੰਘ, ਡੀਐਸਪੀ (ਡੀ) ਰਮਨਪ੍ਰੀਤ ਸਿੰਘ ਤੇ ਐਸਆਈ ਕਰਮਜੀਤ ਕੌਰ (ਮੁਖ ਅਫਸਰ ਥਾਣਾ ਕਿਲਿਆਂਵਾਲੀ) ਸਮੇਤ ਕੁੱਲ 120 ਪੁਲਿਸ ਅਧਿਕਾਰੀ ਤੇ ਕਰਮਚਾਰੀਆਂ ਵੱਲੋਂ ਇਹ ਸਰਚ ਅਭਿਆਨ ਚਲਾਇਆ ਗਿਆ।

ਡੀਐਸਪੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਕਿਆਂ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਲਈ ਵਾਹਨ ਐਪ ਦੀ ਵਰਤੋਂ ਕੀਤੀ ਗਈ ਜਦਕਿ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਪੀਏਆਈਐਸ ਐਪ ਦੀ ਵਰਤੋਂ ਕੀਤੀ ਗਈ। ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਜਾਂਚ ਕੀਤੀ ਗਈ ਜਿਸ ਦੌਰਾਨ ਉਸ ਕੋਲੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਵਿਅਕਤੀ ਵਿਰੁੱਧ ਐਨਡੀਪੀਐਸ ਐਕਟ ਹੇਠ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਂਝੇ ਸਰਚ ਅਭਿਆਨ ਆਉਣ ਵਾਲੇ ਸਮੇਂ ’ਚ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਰੰਤਰ ਤੌਰ ਤੇ ਚਲਾਏ ਜਾਣਗੇ।

Leave a Reply

Your email address will not be published. Required fields are marked *