ਲਾਡੋਵਾਲ ਟੌਲ ਪਲਾਜ਼ਾ ਮੁਲਾਜ਼ਮ ਵਾਹਨ ਮੁਫ਼ਤ ਲੰਘਾਉਣਗੇ

ਲੁਧਿਆਣਾ, ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ੇ ਦੇ ਮੁਲਾਜ਼ਮਾਂ ਨੇ ਸੰਚਾਲਕ ਕੰਪਨੀ ਵੱਲੋਂ ਉਨ੍ਹਾਂ ਦੀ ਮੰਗਾਂ ਹੱਲ ਨਾ ਕਰਨ ’ਤੇ ਭਲਕੇ ਸ਼ੁੱਕਰਵਾਰ ਨੂੰ ਉਥੋਂ ਲੰਘਣ ਵਾਲੇ ਵਾਹਨਾਂ ਨੂੰ ਮੁਫ਼ਤ ਲੰਘਾਉਣ ਦਾ ਐਲਾਨ ਕੀਤਾ ਹੈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਵਰਕਰਾਂ ਦੀਆਂ ਕਈ ਮੰਗਾਂ ਕਾਫੀ ਸਮੇਂ ਤੋਂ ਲਟਕ ਰਹੀਆਂ ਹਨ। ਵਾਰ-ਵਾਰ ਕਹਿਣ ’ਤੇ ਵੀ ਕੰਪਨੀ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਕੋਲ ਇੱਕ ਹੀ ਹੱਲ ਬਚਿਆ ਹੈ। ਉਨ੍ਹਾਂ ਕਿਹਾ ਕਿ ਉਹ ਕੰਮ ਛੱਡ ਕੇ ਪ੍ਰਦਰਸ਼ਨ ਕਰਨਗੇ ਤੇ 27 ਸਤੰਬਰ ਤੋਂ ਟੌਲ ਪਲਾਜ਼ਾ ਟੌਲ ਫਰੀ ਹੋ ਸਕਦਾ ਹੈ ਤੇ ਉਥੋਂ ਲੰਘਣ ਵਾਲੇ ਵਾਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਕਰਮਚਾਰੀਆਂ ਦੇ ਧਰਨੇ ’ਤੇ ਜਾਣ ਦੇ ਐਲਾਨ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਉਨ੍ਹਾਂ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਬਚਿੱਤਰ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਬਾਰੇ ਕੰਪਨੀ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਉਹ ਮੀਟਿੰਗ ਕਰਕੇ ਫਿਰ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕਰਮਚਾਰੀਆਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਪੀਐੱਫ ਕੱਟਿਆ ਜਾ ਰਿਹਾ ਹੈ। ਕੰਪਨੀ ਨੇ ਟੌਲ ਮੁਲਾਜ਼ਮਾਂ ਨੂੰ ਈਐੱਸਆਈ ਤੇ ਭਲਾਈ ਸਕੀਮਾਂ ਵੀ ਸੁਵਿਧਾ ਵੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਵਰਕਰਾਂ ਨੇੇ ਮੰਗਾਂ ਦੇ ਹੱਲ ਨੇ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਬਚਿੱਤਰ ਸਿੰਘ ਨੇ ਕਿਹਾ ਕਿ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ 27 ਸਤੰਬਰ ਤੋਂ ਲਾਡੋਵਾਲ ਟੌਲ ਪਲਾਜ਼ਾ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾਵੇਗਾ ਅਤੇ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਟੌਲ ਨਹੀਂ ਲਿਆ ਜਾਵੇਗਾ।

Leave a Reply

Your email address will not be published. Required fields are marked *