ਕਰਨਾਲ, 7 ਸਤੰਬਰ (ਦਲਜੀਤ ਸਿੰਘ)- ਹਰਿਆਣਾ ਦੇ ਕਰਨਾਲ ’ਚ ਮੰਗਲਵਾਰ ਨੂੰ ਕਿਸਾਨਾਂ ਵਲੋਂ ਮਹਾਪੰਚਾਇਤ ਬੁਲਾਈ ਗਈ ਹੈ। ਇਸ ਮਹਾਪੰਚਾਇਤ ਨੂੰ ਲੈ ਕੇ ਪ੍ਰਦੇਸ਼ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਅਤੇ ਪ੍ਰਸ਼ਾਸਨ ਵਿਚਾਲੇ ਬੈਠਕ ਚੱਲ ਰਹੀ ਹੈ। ਇਸ ਬੈਠਕ ’ਚ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ। ਉਨ੍ਹਾਂ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਖ਼ਰਾਬ ਹੋਣ ’ਤੇ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦਾ ਅਧਿਕਾਰ ਹੈ। ਦੱਸ ਦੇਈਏ ਕਿ ਕਿਸਾਨਾਂ ਨੇ ਸਰਕਾਰ ਨਾਲ ਗੱਲਬਾਤ ਕਰਨ ਲਈ 11 ਮੈਂਬਰੀ ਕਮੇਟੀ ਬਣਾਈ ਹੈ, ਜਿਸ ’ਤੇ ਸਾਰੇ ਕਿਸਾਨਾਂ ਨੇ ਹੱਥ ਉਠਾ ਕੇ ਸਹਿਮਤੀ ਜਤਾਈ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਮਹਾਪੰਚਾਇਤ ਬੀਤੀ 28 ਅਗਸਤ ਨੂੰ ਕਰਨਾਲ ’ਚ ਹੋਏ ਲਾਠੀਚਾਰਜ ਨੂੰ ਲੈ ਕੇ ਬੁਲਾਈ ਗਈ ਹੈ। ਇਸ ਦੇ ਨਾਲ ਹੀ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ‘ਤੇ ਅੜੇ ਹਨ। ਲਾਠੀਚਾਰਜ ਦੌਰਾਨ ਇਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ ’ਚ ਐੱਸ.ਡੀ.ਐੱਮ. ਆਊਸ਼ ਸਿਨਹਾ ਕਿਸਾਨਾਂ ‘ਤੇ ਲਾਠੀ ਵਰ੍ਹਾਉਣ ਦਾ ਹੁਕਮ ਦਿੰਦੇ ਹੋਏ ਨਜ਼ਰ ਆਏ। ਉਸੇ ਰਾਤ ਇਕ ਕਿਸਾਨ ਦੀ ਮੌਤ ਵੀ ਹੋਈ ਸੀ, ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਮੰਗ ਰੱਖੀ ਹੈ ਕਿ ਕਿਸਾਨ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਐੱਸ.ਡੀ.ਐੱਮ. ਆਊਸ਼ ਸਿਨਹਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ। ਕਿਸਾਨਾਂ ਨੇ ਇਨ੍ਹਾਂ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਕਰਨਾਲ ’ਚ ਮਹਾਪੰਚਾਇਤ ਅਤੇ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਸੀ।