ਚੰਡੀਗੜ੍ਹ : ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਆਈਪੀਐੱਸ ਪਤਨੀ ਜੋਤੀ ਯਾਦਵ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸਾਈਬਰ ਕ੍ਰਾਈਮ ਸੈੱਲ ਇੰਸਪੈਕਟਰ ਅਮਨਜੋਤ ਵੱਲੋਂ ਜੋੜੇ ‘ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਕਰੇਗੀ। ਡੀਜੀਪੀ ਗੌਰਵ ਯਾਦਵ ਨੇ ਤਿੰਨ ਮੈਂਬਰੀ ਐੱਸਆਈਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਏਡੀਜੀਪੀ ਵੀ ਨੀਰਜਾ ਕਰਨਗੇ। ਐੱਸਆਈਟੀ ‘ਚ ਆਈਜੀਪੀ ਧਨਪ੍ਰੀਤ ਕੌਰ ਤੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਨੂੰ ਸ਼ਾਮਲ ਕੀਤਾ ਗਿਆ ਹੈ। ਸਾਈਬਰ ਕ੍ਰਾਈਮ ਇੰਸਪੈਕਟਰ ਅਮਨਜੋਤ ਕੌਰ ਨੇ ਡੀਜੀਪੀ ਗੌਰਵ ਯਾਦਵ ਨੂੰ ਲਿਖੇ ਪੱਤਰ ਵਿਚ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੇ ਦੋਸ਼ ਲਗਾਏ ਹਨ।
ਸੂਤਰਾਂ ਮੁਤਾਬਕ ਡੀਜੀਪੀ ਗੌਰਵ ਯਾਦਵ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹਨ। ਉਨ੍ਹਾਂ ਆਪਣੇ ਹੋਰ ਉੱਚ ਅਧਿਕਾਰੀਆਂ ਨੂੰ ਇਸ ਕੇਸ ‘ਤੇ ਕੰਮ ਕਰਨ ਤੇ ਐਸਆਈਟੀ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ ਹੈ। ਡੀਜੀਪੀ ਪੰਜਾਬ ਨੂੰ ਲਿਖੇ ਪੱਤਰ ‘ਚ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘੁਟਾਲੇ ‘ਚ ਮੁਖਬਰ ਹੋਣ ਦਾ ਦਾਅਵਾ ਕੀਤਾ ਸੀ। ਮੰਤਰੀ ਅਤੇ ਉਨ੍ਹਾਂ ਦੀ ਪਤਨੀ ‘ਤੇ ਦੋਸ਼ ਲਗਾਏ ਗਏ ਸਨ। ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਆਈਪੀਐਸ ਅਧਿਕਾਰੀ ਪਤਨੀ ਜੋਤੀ ਯਾਦਵ ਨੇ ਪਹਿਲਾਂ ਹੀ ਇਕ ਬਿਆਨ ਜਾਰੀ ਕਰਕੇ ਦੋਸ਼ਾਂ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਇੰਸਪੈਕਟਰ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਜਨਤਕ ਭਾਸ਼ਣ ਦਿੰਦਿਆਂ ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਅਕਸ ਸ਼ੀਸ਼ੇ ਵਾਂਗ ਸਾਫ਼ ਤੇ ਸਪੱਸ਼ਟ ਹੈ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।
ਮੁਹਾਲੀ ਪੁਲਿਸ ਦੇ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਜੋ ਪਹਿਲਾਂ ਮੁਹਾਲੀ ਸਾਈਬਰ ਸੈੱਲ ਦੇ ਇੰਚਾਰਜ ਸਨ, ਕਥਿਤ ਤੌਰ ‘ਤੇ ਬੇਗੁਨਾਹ ਲੋਕਾਂ ਖਿਲਾਫ਼ ਧੋਖਾਧੜੀ ਨਾਲ ਐੱਫਆਈਆਰ ਦਰਜ ਕਰਨ ਤੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਹੜੱਪਣ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਉਨ੍ਹਾਂ ਦੀਆਂ ਧਮਕੀਆਂ ਅੱਗੇ ਗੋਡੇ ਟੇਕ ਦਿੱਤੇ ਅਤੇ ਉਨ੍ਹਾਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ ਗਏ, ਉਨ੍ਹਾਂ ਦੀ ਐੱਫਆਈਆਰ ਬਾਅਦ ਵਿਚ ਰੱਦ ਕਰ ਦਿੱਤੀ ਗਈ। ਹਾਲਾਂਕਿ ਇੰਸਪੈਕਟਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਮੁਹਾਲੀ ਦੇ ਇਕ ਬੇਸਮੈਂਟ ਤੋਂ ਸੰਚਾਲਿਤ ਇਕ ਫਰਜ਼ੀ ਕਾਲ ਸੈਂਟਰ ਕਥਿਤ ਤੌਰ ‘ਤੇ ਵਿਦੇਸ਼ੀਆਂ ਤੋਂ ਵੱਡੀ ਰਕਮ ਉਗਰਾਹ ਰਿਹਾ ਸੀ ਜਿਸ ਵਿਚ 100 ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋ ਗਏ ਸਨ।
ਮੁੱਢਲੀ ਜਾਂਚ ਦੀ ਅਗਵਾਈ ਕਰਨ ਵਾਲੀ ਅਧਿਕਾਰੀ ਨੇ ਕਾਲ ਸੈਂਟਰ ਦੇ ਮਾਲਕ ਵਿਜੈ ਰਾਇ ਕਪੂਰੀਆ ਨੂੰ ਕਈ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਇੰਸਪੈਕਟਰ ਨੇ ਦੋਸ਼ ਲਗਾਇਆ ਕਿ ਕਪੂਰੀਆ ਦੇ ‘ਆਪ’ ਮੰਤਰੀ ਹਰਜੋਤ ਬੈਂਸ ਨਾਲ ਸੰਬੰਧ ਸਨ, ਕਿਉਂਕਿ ਦੋਵੇਂ ਨੰਗਲ ਤੋਂ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਬੈਂਸ ਦੀ ਪਤਨੀ ਜਾਂਚ ਵਿਚ ਅੜਿੱਕਾ ਪਾ ਰਹੀ ਸੀ ਤੇ ਇਸ ਨੂੰ ਰੋਕਣ ਲਈ ਦਬਾਅ ਬਣਾ ਰਹੀ ਸੀ।