ਨਵੀਂ ਦਿੱਲੀ, 7 ਸਤੰਬਰ (ਬਿਊਰੋ)– ਸੁਪਰੀਮ ਕੋਰਟ ਨੇ ਰਾਸ਼ਟਰੀ ਯੋਗਤਾ ਸਹਿ-ਦਾਖਲਾ ਪ੍ਰੀਖਿਆ (ਨੀਟ-ਯੂ. ਜੀ.) ਨੂੰ ਟਾਲਣ ਤੋਂ ਨਾਂਹ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਉਹ ਪ੍ਰਕਿਿਰਆ ’ਚ ਦਖ਼ਲ ਨਹੀਂ ਦੇਣਾ ਚਾਹੁੰਦਾ ਅਤੇ ਇਸ ਦੀ ਤਾਰੀਖ਼ ’ਚ ਤਬਦੀਲੀ ਕਰਨਾ ਗਲਤ ਹੋਵੇਗਾ। ਨੀਟ-ਯੂ. ਜੀ. ਪ੍ਰੀਖਿਆ 12 ਸਤੰਬਰ ਨੂੰ ਹੋਣੀ ਹੈ। ਜਸਟਿਸ ਏ. ਐੱਮ. ਖਾਨਵਿਲਕਰ, ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਸੀ. ਟੀ. ਰਵੀਕੁਮਾਰ ਦੀ 3 ਮੈਂਬਰੀ ਬੈਂਚ ਨੇ ਕਿਹਾ ਕਿ ਜੇ ਵਿਿਦਆਰਥੀ ਕਈ ਪ੍ਰੀਖਿਆਵਾਂ ’ਚ ਬੈਠਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪਹਿਲ ਤੈਅ ਕਰਨੀ ਪਵੇਗੀ ਅਤੇ ਆਪਣਾ ਬਦਲ ਚੁਣਨਾ ਪਵੇਗਾ ਕਿਉਂਕਿ ਅਜਿਹੀ ਸਥਿਤੀ ਤਾਂ ਕਦੇ ਨਹੀਂ ਹੋ ਸਕਦੀ, ਜਿਸ ’ਚ ਪ੍ਰੀਖਿਆ ਦੀ ਤਾਰੀਖ਼ ਤੋਂ ਹਰ ਕੋਈ ਸੰਤੁਸ਼ਟ ਹੋਵੇ।
ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਇਸ ਮੁੱਦੇ ’ਤੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਆਪਣੀ ਗੱਲ ਰੱਖਣ ਲਈ ਆਜ਼ਾਦ ਹੈ ਤੇ ਇਸ ਬਾਰੇ ਕਾਨੂੰਨ ਅਨੁਸਾਰ ਛੇਤੀ ਫੈਸਲਾ ਲਿਆ ਜਾਵੇ। ਪਟੀਸ਼ਨਕਰਤਾ ਵੱਲੋਂ ਪੇਸ਼ ਵਕੀਲ ਸ਼ੋਏਬ ਆਲਮ ਨੂੰ ਕਿਹਾ ਕਿ ਤੁਸੀਂ ਜੋ ਦਲੀਲਾਂ ਦੇ ਰਹੇ ਹੋ, ਹੋ ਸਕਦਾ ਹੈ ਕਿ ਉਹ 99 ਫੀਸਦੀ ਉਮੀਦਵਾਰਾਂ ਲਈ ਸਹੀ ਨਾ ਹੋਣ, ਇਕ ਫੀਸਦੀ ਉਮੀਦਵਾਰਾਂ ਲਈ ਪੂਰੇ ਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ। ਆਲਮ ਨੇ ਕਿਹਾ ਸੀ ਕਿ ਮੈਡੀਕਲ ਐਂਟਰੀ ਟੈਸਟ ਨੀਟ-ਯੂ. ਜੀ. 2021 ਨੂੰ ਟਾਲਿਆ ਜਾਵੇ ਕਿਉਂਕਿ 12 ਸਤੰਬਰ ਦੇ ਨੇੜੇ-ਤੇੜੇ ਕਈ ਹੋਰ ਪ੍ਰੀਖਿਆਵਾਂ ਵੀ ਹੋਣੀਆਂ ਹਨ। ਇਸ ’ਤੇ ਬੈਂਚ ਨੇ ਕਿਹਾ ਕਿ ਪ੍ਰੀਖਿਆ ਦੀ ਤਾਰੀਖ਼ ਬਦਲਣਾ ਗਲਤ ਹੋਵੇਗਾ ਕਿਉਂਕਿ ਨੀਟ ਇਕ ਬਹੁਤ ਵੱਡੇ ਪੱਧਰ ’ਤੇ ਹੋਣ ਵਾਲੀ ਪ੍ਰੀਖਿਆ ਹੈ। ਇਹ ਸੂਬਾ ਪੱਧਰ ’ਤੇ ਨਹੀਂ ਪੂਰੇ ਦੇਸ਼ ’ਚ ਹੋਣ ਵਾਲੀ ਪ੍ਰੀਖਿਆ ਹੈ।