ਲੰਡਨ, 6 ਸਤੰਬਰ (ਦਲਜੀਤ ਸਿੰਘ)- ਭਾਰਤ ਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਦੇ ਪੰਜਵੇਂ ਦਿਨ ਦੀ ਖੇਡ ਦੌਰਾਨ ਸ਼ਾਰਦੁਲ ਠਾਕੁਰ ਨੇ ਰੋਰੀ ਬਰਨਜ਼ ਨੂੰ 50 ਦੌੜਾਂ ‘ਤੇ ਆਊਟ ਕਰਕੇ ਭਾਰਤ ਨੂੰ ਪਹਿਲਾ ਸਫਲਤਾ ਦਿਵਾਈ। ਭਾਰਤ ਨੂੰ ਦੂਜੀ ਸਫਲਤਾ ਉਦੋਂ ਮਿਲੀ ਜਦੋਂ ਡੇਵਿਡ ਮਲਾਨ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋਏ। ਇੰਗਲੈਂਡ ਦਾ ਤੀਜਾ ਵਿਕਟ ਹਸੀਬ ਹਮੀਦ ਦੇ ਤੌਰ ‘ਤੇ ਡਿੱਗਿਆ। ਹਸੀਬ ਹਮੀਦ 63 ਦੌੜਾਂ ਦੇ ਨਿੱਜੀ ਸਕੋਰ ‘ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਓਲੀ ਪੋਪ ਸਿਰਫ਼ 2 ਦੌੜਾਂ ਦੇ ਨਿੱਜੀ ਸਕੋਰ ‘ਤੇ ਬੁਮਰਾਹ ਵੱਲੋਂ ਬੋਲਡ ਕੀਤੇ ਗਏ।
ਭਾਰਤ ਦੇ ਹੱਥ ਪੰਜਵੀਂ ਸਫਲਤਾ ਉਦੋਂ ਲੱਗੀ ਜਦੋਂ ਜੌਨੀ ਬੇਅਰਸਟੋ ਬਿਨਾ ਖ਼ਾਤਾ ਖੋਲੇ ਬੁਮਰਾਹ ਵੱਲੋਂ ਬੋਲਡ ਕੀਤੇ ਗਏ। ਇਸ ਤੋਂ ਬਾਅਦ ਮੋਈਨ ਅਲੀ ਦੀ ਵਿਕਟ ਜਡੇਜਾ ਨੇ ਲੈ ਕੇ ਬੱਲੇਬਾਜ਼ ਨੂੰ ਪਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਵਿਕਟ ਲਗਾਤਾਰ ਡਿੱਗਦੇ ਰਹੇ ਅਤੇ ਇੰਗਲੈਂਡ ਦੀ ਪੂਰੀ ਟੀਮ 210 ਦੌੜਾਂ ‘ਤੇ ਢੇਰ ਹੋ ਗਈ ਤੇ ਭਾਰਤੀ ਟੀਮ ਨੇ ਇਹ ਮੈਚ 157 ਦੌੜਾਂ ਨਾਲ ਜਿੱਤ ਕੇ 5 ਮੈਚਾਂ ਦੀ ਟੈਸਟ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ।