ਕੌਹਰੀਆਂ : ਪੰਜਾਬ ਵਿੱਚ ਪੰਚਾਇਤਾਂ ਦਾ ਕਾਰਜਕਾਲ ਪੂਰਾ ਹੋਣ ਕਾਰਨ ਨਵੀਆਂ ਚੋਣਾਂ ਦੀ ਪੰਜਾਬੀਆਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇਸ ‘ਤੇ ਆਪਣੀਆਂ ਪ੍ਰਤੀਕਿਰਿਆ ਦਿੰਦਿਆਂ ਹਰਪਾਲ ਸਿੰਘ ਚੀਮਾ ਖਜਾਨਾ ਮੰਤਰੀ ਪੰਜਾਬ ਨੇ ਕਿਹਾ ਕਿ ਇਸੇ ਸਾਲ ਵਿੱਚ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ। ਉਹ ਅੱਜ ਸ੍ਰੀ ਗੂਰੂ ਰਵੀਦਾਸ ਕਲੱਬ ਕੌਹਰੀਆਂ ਵਲੋਂ ਲਗਾਏ ਜਾ ਰਹੇ ਅੱਖਾਂ ਦੇ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਚਾਇਤੀ ਚੋਣਾਂ ਦਾ ਹਾਈਕੋਰਟ ਵਿੱਚ ਮਸਲਾ ਜਾਣ ਕਾਰਨ ਕੰਮ ਅਟਕ ਗਿਆ ਹੈ। ਜਦੋਂ ਵੀ ਮਸਲਾ ਸਾਫ ਹੋ ਜਾਂਦਾ ਹੈ ਤਾਂ ਚੋਣਾਂ ਕਰਵਾਈਆਂ ਜਾਣਗੀਆਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਲੋਕ ਪੰਚ-ਸਰਪੰਚ ਚੁਣਨ ਤਾਂ ਜੋ ਪਿੰਡਾਂ ਦਾ ਵਿਕਾਸ ਇਮਾਨਦਾਰੀ ਨਾਲ ਹੋ ਸਕੇ। ਇੱਕ ਸੁਆਲ ਦੇ ਜੁਆਬ ਵਿੱਚ ਉਨਾਂ ਕਿਸਾਨਾਂ ਨੂੰ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਵਧੇਰੇ ਕਰਨ ਕਿਉਂਕਿ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਨਾਲ ਜਿੱਥੇ ਸਾਡਾ ਧਰਤੀ ਹੇਠਲਾ ਪਾਣੀ ਬਚੇਗਾ ਉੱਥੇ ਨਹਿਰੀ ਪਾਣੀ ਵਿੱਚ ਉਪਜਾਊ ਸਕਤੀ ਦੇ ਵਧੇਰੇ ਗੁਣ ਹੋ ਕਾਰਨ ਸਾਡੀਆਂ ਫਸਲਾਂ ਦਾ ਝਾੜ ਵੀ ਵਧੇਗਾ ਅਤੇ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋਵੇਗਾ। ਉਨਾਂ ਕਿਹਾ ਕਿ ਨਹਿਰੀ ਪਾਣੀ ਦੀਆਂ ਜਮੀਨਦੋਜ ਪਾਇਪ ਲਾਇਨਾਂ ਪਾਉਣ ਲਈ ਕਿਸਾਨ ਐਸਟੀਮੇਟ ਬਣਾਕੇ ਫਾਇਲਾਂ ਭੇਜਣ ਤਾਂ ਜੋ ਕਿਸਾਨਾਂ ਦੀਆਂ ਰਹਿੰਦੀਆਂ ਟੇਲਾਂ ਤੱਕ ਵੀ ਨਹਿਰੀ ਪਾਣੀ ਪਹੁੰਚਾਇਆ ਜਾ ਸਕੇ। ਸਰਕਾਰ ਦਾ ਇਹ ਏਜੰਡਾ ਹੈ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ ਤਾਂ ਹੀ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ। ਇਸ ਮੌਕੇ ਤਪਿੰਦਰ ਸਿੰਘ ਸੋਹੀ ਓਐਸਡੀ ਚੀਮਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ ਪਨਸੀਡ, ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਪ੍ਰਧਾਨ ਦਰਸ਼ਨ ਸਿੰਘ ਦਿੜਬਾ, ਜਥੇਦਾਰ ਰਾਮ ਸਿੰਘ, ਰਾਜਪਾਲ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਆੜਤੀਆ ਪ੍ਰਧਾਨ, ਗੁਰਦੇਵ ਸਿੰਘ ਸਾਬਕਾ ਸਰਪੰਚ, ਮਾਸਟਰ ਗੁਰਜੰਟ ਸਿੰਘ,ਹਰਦੀਪ ਸਿੰਘ ਬੱਬੂ,ਪ੍ਰਧਾਨ ਮਲਕੀਤ ਸਿੰਘ,ਪ੍ਰਧਾਨ ਨਸੀਬ ਸਿੰਘ, ਮੱਖਣ ਸਿੰਘ,ਜਰਨੈਲ ਸਿੰਘ, ਮਲੂਕ ਸਿੰਘ ਆਦਿ ਸਮੇਤ ਕਲੱਬ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
ਸਾਲ ਦੇ ਅਖੀਰ ਤੱਕ ਹੋ ਜਾਣਗੀਆਂ ਸੂਬੇ ‘ਚ ਪੰਚਾਇਤੀ ਚੋਣਾਂ, ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ
