ਨਵੀਂ ਦਿੱਲੀ : Paris Olympics 2024: ਪੈਰਿਸ ਓਲੰਪਿਕ 2024 ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਕਰਵਾਇਆ ਗਿਆ। ਇਸ ਵਾਰ ਪੈਰਿਸ ਓਲੰਪਿਕ ‘ਚ ਭਾਰਤ ਨੇ ਕੁੱਲ 6 ਮੈਡਲ ਜਿੱਤੇ, ਜਿਨ੍ਹਾਂ ਵਿਚ ਇਕ ਸਿਲਵਰ ਮੈਡਲ (Silver Medal) ਤੇ ਪੰਜ ਬ੍ਰੌਨਜ਼ ਮੈਡਲ (5 Bronze Medal) ਸ਼ਾਮਲ ਹਨ।
ਮਨੂ ਭਾਕਰ (Manu Bhaker) ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾਇਆ। ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਬ੍ਰੌਨਜ਼ ਮੈਡਲ ਜਿੱਤਿਆ, ਜਦੋਂਕਿ ਮਿਕਸਡ ਟੀਮ ਮੁਕਾਬਲੇ ‘ਚ ਉਸ ਨੇ ਸਰਬਜੋਤ ਸਿੰਘ (Sarbjot Singh) ਨਾਲ ਮਿਲ ਕੇ ਦੂਜਾ ਬ੍ਰੌਨਜ਼ ਮੈਡਲ ਜਿੱਤਿਆ।
ਭਾਰਤ ਲਈ ਨੀਰਜ ਚੋਪੜਾ (Neeraj Chopra) ਨੇ ਇਕਲੌਤਾ ਸਿਲਵਰ ਮੈਡਲ ਜਿੱਤਿਆ। ਸਵਪਨਿਲ ਕੁਸਾਲੇ (Swapnil Kusale) ਨੇ ਸ਼ੂਟਿੰਗ ‘ਚ, ਤਾਂ ਰੈਸਲਿੰਗ ‘ਚ ਅਮਨ ਸਹਿਰਾਵਤ ਨੇ ਬ੍ਰੌਨਜ਼ ਮੈਡਲ ਜਿੱਤਿਆ। ਅਜਿਹੇ ‘ਚ ਮੈਡਲ ਜਿੱਤਣ ਤੋਂ ਬਾਅਦ ਇਨ੍ਹਾਂ ਭਾਰਤੀ ਐਥਲੀਟਾਂ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੀ…ਆਓ ਜਾਣਦੇ ਹਾਂ।
- ਮਨੁ ਭਾਕਰ (Manu Bhaker)
22 ਸਾਲ ਦੀ ਮਨੂ ਭਾਕਰ ਨੇ ਓਲੰਪਿਕ 2024 ‘ਚ ਦੋ ਮੈਡਲ ਆਪਣੇ ਨਾਂ ਕੀਤੇ। ਉਨ੍ਹਾਂ ਨੂੰ ਖੇਡ ਅਤੇ ਯੁਵਾ ਮੰਤਰਾਲਾ, ਭਾਰਤ ਸਰਕਾਰ ਵੱਲੋਂ 30 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਕਲੋਜ਼ਿੰਗ ਸੈਰਾਮਨੀ ‘ਚ ਮਨੂ ਭਾਕਰ ਭਾਰਤ ਦੀ ਝੰਡਾਬਰਦਾਰ ਰਹੀ। - ਭਾਰਤੀ ਪੁਰਸ਼ ਹਾਕੀ ਟੀਮ (Indian Men’s Hockey Team)
ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ 15 ਲੱਖ ਰੁਪਏ ਦਿੱਤੇ ਗਏ, ਜਿਸ ਦਾ ਐਲਾਨ ਹਾਕੀ ਇੰਡੀਆ ਨੇ ਕੀਤਾ। ਨਾਲ ਹੀ, ਸਹਾਇਤਾ ਸਟਾਫ ਦੇ ਹਰੇਕ ਮੈਂਬਰ ਨੂੰ 7.5 ਲੱਖ ਰੁਪਏ ਦਿੱਤੇ ਗਏ।
ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਮਾਝੀ ਨੇ ਡਿਫੈਂਡਰ ਅਮਿਤ ਰੋਹੀਦਾਸ ਨੂੰ 4 ਕਰੋੜ ਰੁਪਏ, ਹਰ ਖਿਡਾਰੀ ਨੂੰ 15 ਲੱਖ ਰੁਪਏ ਤੇ ਸਪੋਰਟ ਸਟਾਫ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਮੈਂਬਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
- ਸਰਬਜੋਤ ਸਿੰਘ (Sarbjot Singh)
ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਮਨੂ ਭਾਕਰ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ ‘ਚ ਬ੍ਰੌਨਜ਼ ਮੈਡਲ ਜਿੱਤਿਆ।
ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲੇ ਨੇ 22.5 ਲੱਖ ਰੁਪਏ ਦੇ ਚੈੱਕ ਦਾ ਐਲਾਨ ਕੀਤਾ ਹੈ।
- ਨੀਰਜ ਚੋਪੜਾ (Neeraj Chopra)
ਟੋਕੀਓ ਓਲੰਪਿਕ ‘ਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ‘ਚ ਸਿਲਵਰ ਮੈਡਲ ਜਿੱਤਿਆ ਸੀ। ਸਿਲਵਰ ਜਿੱਤਣ ਤੋਂ ਬਾਅਦ ਉਸ ਨੂੰ ਕਿੰਨੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਇਸ ਦਾ ਐਲਾਨ ਨਹੀਂ ਹੋਇਆ ਹੈ। - ਸਵਪਨਿਲ ਕੁਸਾਲੇ (Swapnil Kausle)
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਪੈਰਿਸ ਓਲੰਪਿਕ 2024 ‘ਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਦੇ ਫਾਈਨਲ ‘ਚ ਬ੍ਰੌਨਜ਼ ਮੈਡਲ ਜਿੱਤਣ ਵਾਲੇ ਸਵਪਨਿਲ ਕੁਸਾਲੇ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। - ਅਮਨ ਸਹਿਰਾਵਤ (Aman Sehrawat)
ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ 2024 ‘ਚ ਬ੍ਰੌਨਜ਼ ਮੈਡਲ ਜਿੱਤਿਆ ਸੀ। ਮੈਡਲ ਜਿੱਤਣ ਤੋਂ ਬਾਅਦ ਉਸ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ, ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ।