ਦਿੱਲੀ ਵਿੱਚ 2020 ਦੇ ਦੰਗੇ: ਚੋਰੀ ਤੇ ਅੱਗ ਲਾਉਣ ਦੇ ਦੋਸ਼ਾਂ ’ਚੋਂ ਛੇ ਬਰੀ

ਨਵੀਂ ਦਿੱਲੀ, ਸ਼ਹਿਰ ਦੀ ਇਕ ਅਦਾਲਤ ਨੇ 2020 ਵਿੱਚ ਉੱਤਰ-ਪੂਰਬੀ ਦਿੱਲੀ ’ਚ ਭੜਕੇ ਫਿਰਕੂ ਦੰਗਿਆਂ ਦੌਰਾਨ ਹੋਈ ਅੱਗਜਨੀ, ਦੰਗਾ ਤੇ ਚੋਰੀ ਦੇ ਕਥਿਤ ਦੋਸ਼ ਛੇ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਵਧੀਕ ਸੈਸ਼ਨ ਜੱਜ ਪੁਲਸਤਯ ਪ੍ਰਮਾਚਲਾ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਦੋਸ਼ਾਂ ਮੁਤਾਬਕ, ਉਪਰੋਕਤ ਛੇ ਵਿਅਕਤੀਆਂ ਨੇ 25 ਫਰਵਰੀ 2020 ਨੂੰ ਸ਼ਿਵ ਵਿਹਾਰ ਵਿੱਚ ਇਕ ਘਰ ’ਚ ਲੁੱਟ-ਖੋਹ, ਭੰਨ੍ਹ ਤੋੜ ਅਤੇ ਅੱਗਜਨੀ ਕੀਤੀ। ਬਾਅਦ ਵਿੱਚ ਇਕ ਕਲੀਨਿਕ ’ਚ ਅੱਗ ਲਾਉਣ ਦੀ ਸ਼ਿਕਾਇਤ ਨੂੰ ਵੀ ਇਸ ਮਾਮਲੇ ਨਾਲ ਜੋੜ ਦਿੱਤਾ ਗਿਆ। ਸ਼ੁੱਕਰਵਾਰ ਨੂੰ ਪਾਸ ਹੁਕਮਾਂ ਵਿੱਚ, ਅਦਾਲਤ ਨੇ ਕਿਹਾ ਕਿ ਸਰਕਾਰੀ ਧਿਰ ਨੇ ਮੁਲਜ਼ਮਾਂ ਖ਼ਿਲਾਫ਼ ਸਬੂਤ ਵਜੋਂ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਪੇਸ਼ ਕੀਤਾ ਸੀ। ਅਦਾਲਤ ਨੇ ਕਿਹਾ, ‘‘ਹਾਲਾਂਕਿ, ਵੀਡੀਓ ਵਿੱਚ ਦਿਖ ਰਹੇ ਕਿਸੇ ਵੀ ਮੁਲਜ਼ਮ ਦੀ ਪਛਾਣ ਕਰਨ ਲਈ ਕੋਈ ਗਵਾਹ ਨਹੀਂ ਹੈ।’’ ਅਦਾਲਤ ਨੇ ਕਿਹਾ ਕਿ ਮਾਮਲੇ ਦੇ ਜਾਂਚ ਅਧਿਕਾਰੀ ਨੇ ਵਿਗਿਆਨਕ ਜਾਂਚ ਰਾਹੀਂ ਜਾਂ ਮੁਲਜ਼ਮਾਂ ਦੀ ਨਮੂਨਾ ਤਸਵੀਰ ਨਾਲ ਵੀਡੀਓ ਦਾ ਵਿਸ਼ਲੇਸ਼ਣ ਕਰ ਕੇ ਕਿਸੇ ਵੀ ਮੁਲਜ਼ਮ ਦੀ ਮੌਜੂਦਗੀ ਸਾਬਿਤ ਕਰਨ ਲਈ ਕੋਈ ਕਦਮ ਨਹੀਂ ਉਠਾਇਆ। ਇਸ ਤਰ੍ਹਾਂ ਇਹ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਮੁਲਜ਼ਮ ਉਨ੍ਹਾਂ ਵੀਡੀਓਜ਼ ਵਿੱਚ ਦਿਖ ਰਹੇ ਹਨ। ਜੱਜ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।’’ ਅਦਾਲਤ ਨੇ ਹਾਸ਼ਿਮ ਅਲੀ, ਅਬੂ ਬਕਰ, ਮੁਹੰਮਦ ਅਜੀਜ, ਰਾਸ਼ਿਦ ਅਲੀ, ਨਜ਼ਮੂਦੀਨ ਅਤੇ ਮੁਹੰਮਦ ਦਾਨਿਸ਼ ਨੂੰ ਬਰੀ ਕਰ ਦਿੱਤਾ। ਕਰਾਵਲ ਨਗਰ ਥਾਣੇ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

Leave a Reply

Your email address will not be published. Required fields are marked *