ਉੱਤਰਾਖੰਡ: ਕੇਦਾਰਨਾਥ ਟਰੈਕ ਰੂਟ ’ਤੇ ਫਸੇ ਸ਼ਰਧਾਲੂਆਂ ਨੂੰ ਕੱਢਣ ਲਈ ਬਚਾਅ ਕਾਰਜਾਂ ’ਚ ਚਿਨੂਕ ਤੇ ਐੱਮਆਈ17 ਹੈਲੀਕਾਪਟਰ ਵੀ ਸ਼ਾਮਲ

ਉੱਤਰਾਖੰਡ, ਉੱਤਰਾਖੰਡ ਵਿਚ ਭਾਰੀ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਕੇਦਾਰਨਾਥ ਨੂੰ ਜਾਂਦੇ ਟਰੈਕ ਰੂਟ ’ਤੇ ਫਸੇ 500 ਤੋਂ ਵੱਧ ਸ਼ਰਧਾਲੂਆਂ ਨੂੰ ਉਥੋਂ ਸੁਰੱਖਿਅਤ ਕੱਢਣ ਲਈ ਚਲਾਏ ਰਾਹਤ ਤੇ ਬਚਾਅ ਕਾਰਜਾਂ ਵਿਚ ਭਾਰਤੀ ਹਵਾਈ ਸੈਨਾ ਦੇ ਚਿਨੂਕ ਤੇ ਐੱਮਆਈ17 ਹੈਲੀਕਾਪਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਹਿਲੇ ਗੇੜ ਵਿਚ 10 ਸ਼ਰਧਾਲੂਆਂ ਨੂੰ ਏਅਰਲਿਫਟ ਕੀਤਾ ਗਿਆ ਹੈ। ਬੁੱਧਵਾਰ ਰਾਤ ਨੂੰ ਲਿਨਚੋਲੀ ਨੇੜੇ ਜੰਗਲਚਾਟੀ ਵਿਚ ਬੱਦਲ ਫਟਣ ਨਾਲ ਕੇਦਾਰਨਾਥ ਨੂੰ ਜਾਂਦੇ ਰੂਟ ਨੂੰ ਵੱਡਾ ਨੁਕਸਾਨ ਪੁੱਜਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਐੱਮਆਈ17 ਹੈਲੀਕਾਪਟਰ ਨੇ 10 ਸ਼ਰਧਾਲੂਆਂ ਨੂੰ ਏਅਰਲਿਫਟ ਕਰਕੇ ਗੌਚਰ ਹਵਾਈ ਪੱਟੀ ਉੱਤੇ ਉਤਾਰਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਟਰੈਕ ਰੂਟ ’ਤੇ ਫਸੇ ਸ਼ਰਧਾਲੂਆਂ ਬਾਰੇ ਜਾਣਕਾਰੀ ਲਈ ਦੋ ਹੈਲਪਲਾਈਨ ਨੰਬਰ 7579257572 and 01364-233387 ਤੇ ਇਕ ਐਮਰਜੈਂਸੀ ਨੰਬਰ 112 ਜਾਰੀ ਕੀਤੇ ਹਨ। ਬੁੱਧਵਾਰ ਰਾਤ ਨੂੰ ਮੰਦਾਕਿਨੀ ਨਦੀ ਵਿਚ ਪਾਣੀ ਦਾ ਪੱਧਰ ਵਧਣ ਨਾਲ ਸੜਕ ਦਾ 20-25 ਮੀਟਰ ਹਿੱਸਾ ਰੁੜ੍ਹਨ ਨਾਲ ਗੌਰੀਕੁੰਡ-ਕੇਦਾਰਨਾਥ ਟਰੈਕ ਰੂਟ ਉੱਤੇ ਭੀਮਬਾਲੀ ਤੋਂ ਅੱਗੇ ਸ਼ਰਧਾਲੂ ਫਸ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਟਰੈਕ ਰੂਟ ’ਤੇ ਫਸੇ ਸ਼ਰਧਾਲੂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ 5000 ਫੂਡ ਪੈਕੇਟ ਵੰਡੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਐਡਵਾਈਜ਼ਰੀ ਮਗਰੋਂ ਹਾਲ ਦੀ ਘੜੀ ਲਈ ਕੇਦਾਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਿੱਥੇ ਵੀ ਹਨ ਉਥੇ ਸੁਰੱਖਿਅਤ ਰਹਿਣ ਤੇ ਰਸਤਾ ਸਾਫ਼ ਹੋਣ ਤੱਕ ਉਡੀਕ ਕਰਨ।

Leave a Reply

Your email address will not be published. Required fields are marked *