ਬਨੂੜ, ਬਨੂੜ ਖੇਤਰ ਵਿੱਚ ਬਿਜਲੀ ਸਪਲਾਈ ਦੇ ਵੱਡੇ-ਵੱਡੇ ਕੱਟਾਂ ਤੋਂ ਰੋਹ ਵਿੱਚ ਆਏ ਪਿੰਡ ਤੰਗੌਰੀ ਦੇ ਵਸਨੀਕਾਂ ਨੇ ਅੱਜ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਤੇ ਪਿੰਡ ਤੰਗੌਰੀ ਵਿਖੇ ਜਾਮ ਲਗਾਇਆ। ਪਿੰਡ ਦੇ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸੜਕ ਵਿਚਾਲੇ ਧਰਨਾ ਲਗਾ ਕੇ ਬੈਠ ਗਏ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਸਵੇਰੇ ਸਾਢੇ ਦਸ ਵਜੇ ਤੋਂ ਲੱਗਿਆ ਜਾਮ ਦੁਪਹਿਰ ਇੱਕ ਵਜੇ ਖੋਲ੍ਹਿਆ ਗਿਆ। ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਬੱਸਾਂ ਵਿੱਚ ਬੈਠੇ ਮੁਸਾਫਿਰ ਵੀ ਜਾਮ ਵਿੱਚ ਫਸੇ ਰਹੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਅਤੇ ਇਸ ਖੇਤਰ ਦੇ ਪੰਜ ਹੋਰ ਪਿੰਡਾਂ ਵਿੱਚ ਰੋਜ਼ਾਨਾ ਰਾਤ ਨੂੰ ਨੌਂ ਵਜੇ ਬਿਜਲੀ ਦਾ ਕੱਟ ਲਗਾ ਦਿੱਤਾ ਜਾਂਦਾ ਹੈ ਤੇ ਸਵੇਰੇ ਨੌਂ ਵਜੇ ਲਾਈਟ ਛੱਡੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਰਾਂ ਬਾਰਾਂ ਘੰਟੇ ਦੇ ਲੰਮੇ ਕੱਟਾਂ ਕਾਰਨ ਸਖਤ ਗਰਮੀ ਵਿੱਚ ਲੋਕੀਂ ਸਾਰੀ ਸਾਰੀ ਰਾਤ ਜਾਗ ਕੇ ਕੱਟਦੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਵੀ ਪਾਵਰ ਸਪਲਾਈ ਚਾਰ ਘੰਟੇ ਤੋਂ ਵੀ ਘੱਟ ਦਿੱਤੀ ਜਾ ਰਹੀ ਹੈ।
ਬਨੂੜ ਦੇ ਪਾਵਰਕੌਮ ਦੇ ਐਸਡੀਓ ਪ੍ਰਵੀਨ ਬਾਂਸਲ ਅਤੇ ਏਅਰੋਸਿਟੀ ਦੇ ਥਾਣਾ ਮੁਖੀ ਸਿਮਰਜੀਤ ਸਿੰਘ ਦੇ ਬਿਜਲੀ ਕੱਟ ਨਾ ਲਗਾਏ ਜਾਣ ਦੇ ਭਰੋਸੇ ਮਗਰੋਂ ਪਿੰਡ ਵਾਸੀਆਂ ਨਾ ਜਾਮ ਖੋਲ੍ਹ ਦਿੱਤਾ। ਇਸ ਮਗਰੋਂ ਆਵਾਜਾਈ ਚਾਲੂ ਹੋਈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਅੱਧੀ ਰਾਤ ਨੂੰ ਇਸੇ ਮਾਰਗ ਉੱਤੇ ਪਿੰਡ ਦੈੜੀ ਵਿਖੇ ਦਰਜਨ ਦੇ ਕਰੀਬ ਪਿੰਡਾਂ ਦੇ ਵਸਨੀਕਾਂ ਨੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਕੌਮੀ ਮਾਰਗ ’ਤੇ ਚਾਰ ਘੰਟੇ ਦੇ ਕਰੀਬ ਆਵਾਜਾਈ ਠੱਪ ਕੀਤੀ ਸੀ।