ਮਾਨਸਾ- ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ‘ਚ ਅੱਜ ਪਿੰਡ ਮੂਸਾ ਤੋਂ ਇਕ ਜਥਾ ਰਵਾਨਾ ਕੀਤਾ ਗਿਆ , ਜਿਸ ਦੀ ਅਗਵਾਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਪਿੰਡ ਮੂਸਾ ਦੀ ਸਰਪੰਚ ਚਰਨ ਕੌਰ ਵੱਲੋਂ ਕੀਤੀ ਗਈ। ਪੰਜਾਬੀ ਕਾਮੇਡੀਅਨ ਭਾਨਾ ਭਗੌੜਾ ਅਤੇ ਸਿੱਧੂ ਦੇ ਪ੍ਰਸ਼ੰਸਕ ਵੀ ਮੋਰਚੇ ‘ਚ ਸ਼ਾਮਲ ਹੋਣ ਲਈ ਪਿੰਡ ਤੋਂ ਰਵਾਨਾ ਹੋਏ।
ਇਸ ਮੌਕੇ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਮੋਰਚੇ ‘ਚ ਜਾਣਾ ਮੇਰਾ ਨਿੱਜੀ ਫ਼ੈਸਲਾ ਨਹੀਂ ਸਗੋਂ ਇਹ ਫ਼ੈਸਲਾ ਸਾਡੀ ਪੰਚਾਇਤ ਦਾ ਹੈ ਕਿ ਸਾਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਮਰਹੂਮ ਗਾਇਕ ਮੂਸੇਵਾਲਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗਾਏ ਗਏ ਗੀਤਾਂ ਦੀ ਗੱਲ ਕਰਦਿਆਂ ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਉਸ ਗੀਤ ਨੂੰ ਬੈਨ ਨਾ ਕਰਕੇ, ਉਸ ‘ਤੇ ਅਮਲ ਕਰਦੀ ਤਾਂ ਹੋ ਸਕਦਾ ਸੀ ਕਿ ਸਾਨੂੰ ਅੱਜ ਧਰਨੇ ਲਗਾਉਣ ਦੀ ਲੋੜ ਨਾ ਪੈਂਦੀ।