ਮਨਾਲੀ, ਹਿਮਾਚਲ ਦੇ ਕੁੱਲੂ ਜ਼ਿਲ੍ਹੇ ’ਚ ਬੱਦਲ ਫਟਣ ਤੋਂ ਬਾਅਦ ਮਨਾਲੀ ਉਪ ਮੰਡਲ ਦੇ ਅੰਜਨੀ ਮਹਾਦੇਵ ਖੇਤਰ ’ਚ ਅਚਾਨਕ ਹੜ੍ਹ ਆ ਗਿਆ ਜਿਸ ਕਾਰਨ ਇਕ ਘਰ ਨੂੰ ਕਾਫੀ ਨੁਕਸਾਨ ਪਹੁੰਚਾਇਆ। ਅਜੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਹੜ੍ਹ ਦੇ ਬਾਅਦ ਪਲਚਨ ਪੁਲ ‘ਤੇ ਮਲਬਾ ਜਮ੍ਹਾਂ ਹੋ ਗਿਆ ਹੈ ਜਿਸ ਨਾਲ ਹਲਕੇ ਦਾ ਮਹੱਤਵਪੂਰਨ ਮਨਾਲੀ-ਲੇਹ ਹਾਈਵੇਅ ਪ੍ਰਭਾਵਿਤ ਹੋਇਆ ਹੈ ਜਿਥੇ ਆਵਾਜਾਈ ਬੰਦ ਹੋ ਗਈ ਹੈ। ਅਚਾਨਕ ਆਏ ਹੜ੍ਹ ਨੇ ਖੇਤਰ ਵਿੱਚ ਪਾਣੀ ਭਰ ਦਿੱਤਾ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਅਤੇ ਥੋੜ੍ਹੇ ਸਮੇਂ ਲਈ ਆਮ ਜਨ ਜੀਵਨ ਵਿੱਚ ਵਿਘਨ ਪਾਇਆ। ਲਾਹੌਲ ਅਤੇ ਸਪਿਤੀ ਪੁਲੀਸ ਨੇ ਵੀਰਵਾਰ ਨੂੰ ਇੱਕ ਐਡਵਾਈਜ਼ਰੀ ਵਿੱਚ ਕਿਹਾ ਕਿ ਅਟਲ ਸੁਰੰਗ ਦੇ ਉੱਤਰੀ ਪੋਰਟਲ ਰਾਹੀਂ ਲਾਹੌਲ ਅਤੇ ਸਪਿਤੀ ਤੋਂ ਮਨਾਲੀ ਜਾਣ ਵਾਲੇ ਵਾਹਨਾਂ ਨੂੰ ਰੋਹਤਾਂਗ ਵੱਲ ਮੋੜ ਦਿੱਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਤੁਰੰਤ ਕਾਰਵਾਈ ਆਰੰਭ ਦਿੱਤੀ ਹੈ। ਮਲਬੇ ਨੂੰ ਹਟਾਉਣ ਅਤੇ ਮਹੱਤਵਪੂਰਨ ਹਾਈਵੇਅ ’ਤੇ ਸੰਪਰਕ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।