ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਜਮਾਤ ਲਈ ਦਾਖ਼ਲੇ ਅਤੇ ਲਗਾਤਾਰਤਾ ਸਬੰਧੀ ਸ਼ਡਿਊਲ ਜਾਰੀ ਕਰਦਿਆਂ ਅਕਾਦਮਿਕ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ, ਕੰਟੀਨਿਊਸ਼ਨ ਬਾਰੇ ਆਨਲਾਈਨ ਪੋਰਟਲ 18 ਜੁਲਾਈ ਤੋਂ 18 ਸਤੰਬਰ ਤੱਕ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਬਾਅਦ ਇਹ ਸਹੂਲਤ 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਲੇਟ ਫ਼ੀਸ ਨਾਲ ਮਿਲੇਗੀ। ਕਿਹਾ ਗਿਆ ਹੈ ਕਿ ਇਸ ਮਿਤੀ ਦੌਰਾਨ ਵੀ ਵਾਂਝੇ ਰਹਿ ਗਏ ਵਿਦਿਆਰਥੀਆਂ ਨੂੰ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਅਰਥੀ ਲੇਟ ਫ਼ੀਸ ਨਾਲ ਵਿਚਾਰਿਆ ਜਾਵੇਗਾ। ਹੁਕਮਾਂ ਅਨੁਸਾਰ ਇਨ੍ਹਾਂ ਮਿਤੀਆਂ ਤੋਂ ਖੁੰਝੇ ਸਕੂਲਾਂ ਪਾਸੋਂ ਬਾਅਦ ਵਿਚ ਕਿਸੇ ਵੀ ਜਮਾਤ ਦੇ ਦਾਖ਼ਲੇ ਤੇ ਲਗਾਤਾਰਤਾ ਬਾਰੇ ਫ਼ੀਸ ਪ੍ਰਾਪਤ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਅੱਗੇ ਮਿਤੀਆਂ ਵਿਚ ਹੋਰ ਵਾਧਾ ਹੋਵੇਗਾ। ਮਿਤੀ ਲੰਘਣ ਉਪਰੰਤ ਜੁਰਮਾਨਾ ਮੁਆਫ਼ੀ ਲਈ ਪ੍ਰਤੀ-ਬੇਨਤੀ ਵੀ ਕਿਸੇ ਵੀ ਹਾਲਾਤ ਵਿਚ ਪ੍ਰਵਾਨ ਨਹੀਂ ਹੋਵੇਗੀ। ਸੈਸ਼ਨ 2024-25 ਲਈ ਆਨਲਾਈਨ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਕਾਰਜ ਮੁਕੰਮਲ ਕਰਨ ਲਈ ਢੁੱਕਵਾਂ ਸਮਾਂ ਦਿੱਤਾ ਜਾ ਰਿਹਾ ਹੈ। ਅਣਗਹਿਲੀ ਲਈ ਜ਼ਿੰਮੇਵਾਰ ਸੰਸਥਾਵਾਂ ’ਤੇ ਬੋਰਡ ਨਾਲ ਸਬੰਧਤ ਐਫੀਲਿਏਟਿਡ/ਐਸੋਸੀਏਟਿਡ ਸੰਸਥਾਵਾ ਵਿਰੁੱਧ, ਐਫੀਲਿਏਸ਼ਨ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਏਡਿਡ ਸਕੂਲਾਂ ਦੇ ਕੇਸ ਵਿੱਚ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ, ਮੁੱਖ ਅਧਿਆਪਕ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਡਾਇਰੈਕਟਰ (ਐਲੀਮੈਂਟਰੀ/ ਸੈਕੰਡਰੀ), ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ।
ਸਿੱਖਿਆ ਬੋਰਡ ਵੱਲੋਂ ਛੇ ਜਮਾਤਾਂ ਦੇ ਦਾਖ਼ਲੇ ਤੇ ਲਗਾਤਾਰਤਾ ਦਾ ਸ਼ਡਿਊਲ ਜਾਰੀ, ਲੇਟ ਫ਼ੀਸ ਵਾਲੀਆਂ ਮਿਤੀਆਂ ਤੋਂ ਖੁੰਝੇ ਸਕੂਲਾਂ ’ਤੇ ਹੋਵੇਗੀ ਕਾਰਵਾਈ
