ਸਰਕਾਰ ਵੱਲੋਂ ਮੌਨਸੂਨ ਇਜਲਾਸ ਲਈ 6 ਨਵੇਂ ਬਿੱਲ ਸੂਚੀਬੰਦ

ਨਵੀਂ ਦਿੱਲੀ, ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮੌਨਸੂਨ ਇਜਲਾਸ ਵਿਚ ਪੇਸ਼ ਕਰਨ ਲਈ ਛੇ ਨਵੇਂ ਬਿੱਲ ਸੂਚੀਬੰਦ ਕੀਤੇ ਹਨ। ਇਨ੍ਹਾਂ ਵਿਚ ਆਫ਼ਤ ਪ੍ਰਬੰਧਨ ਕਾਨੂੰਨ ਵਿਚ ਸੋਧ ਨਾਲ ਸਬੰਧਤ ਬਿੱਲ ਵੀ ਸ਼ਾਮਲ ਹੈ। ਸਰਕਾਰ ਨੇ ਵਿੱਤ ਬਿੱਲ ਤੋਂ ਇਲਾਵਾ ਭਾਰਤੀਯ ਵਾਯੂਯਾਨ ਵਿਧੇਯਕ 2024 ਵੀ ਸੂਚੀਬੰਦ ਕੀਤਾ ਹੈ, ਜੋ 1934 ਦੇ ਏਅਰਕ੍ਰਾਫਟ ਐਕਟ ਦੀ ਥਾਂ ਲਏਗਾ। ਇਸ ਬਿੱਲ ਦਾ ਮੁੱਖ ਮਕਸਦ ਸ਼ਹਿਰੀ ਹਵਾਬਾਜ਼ੀ ਸੈਕਟਰ ਵਿਚ ਕਾਰੋਬਾਰ ਨੂੰ ਸੁਖਾਲਾ ਬਣਾਉਣਾ ਹੈ। ਲੋਕ ਸਭਾ ਸਕੱਤਰੇਤ ਵੱਲੋਂ ਵੀਰਵਾਰ ਸ਼ਾਮ ਨੂੰ ਜਾਰੀ ਸੰਸਦੀ ਬੁਲਿਟਨ ਵਿਚ ਉਪਰੋਕਤ ਬਿੱਲਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ। ਮੌਨਸੂਨ ਇਜਲਾਸ 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਕੇਂਦਰੀ ਬਜਟ ਪੇਸ਼ ਕਰਨਗੇ। ਇਸ ਦੇ ਨਾਲ ਹੀ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦਾ ਵੀ ਗਠਨ ਕੀਤਾ ਹੈ, ਜੋ ਸੰਸਦੀ ਏਜੰਡੇ ਬਾਰੇ ਫੈਸਲਾ ਲਏਗੀ। ਸਪੀਕਰ ਦੀ ਅਗਵਾਈ ਵਾਲੀ ਕਮੇਟੀ ਵਿਚ ਸੁਦੀਪ ਬੰਦੋਪਾਧਿਆਏ (ਟੀਐਮਸੀ), ਪੀਪੀ ਚੌਧਰੀ (ਭਾਜਪਾ), ਲਵੂ ਸ੍ਰੀ ਕ੍ਰਿਸ਼ਨਾ ਦੇਵਰਾਯਾਲੂ (ਟੀਡੀਪੀ), ਨਿਸ਼ੀਕਾਂਤ ਦੂਬੇ (ਭਾਜਪਾ), ਗੌਰਵ ਗੋਗੋਈ (ਕਾਂਗਰਸ), ਸੰਜੇ ਜੈਸਵਾਲ (ਭਾਜਪਾ), ਦਿਲੇਸ਼ਵਰ ਕਮਾਇਤ (ਜੇਡੀ-ਯੂ), ਭਰਤਰੁਹਰੀ ਮਹਿਤਾਬ (ਭਾਜਪਾ), ਦਯਾਨਿਧੀ ਮਾਰਨ (ਡੀਐਮਕੇ), ਬੈਜਯੰਤ ਪਾਂਡਾ (ਭਾਜਪਾ), ਅਰਵਿੰਦ ਸਾਵੰਤ (ਸ਼ਿਵ ਸੈਨਾ-ਯੂਬੀਟੀ), ਕੋਡਿਕੂਨਿਲ ਸੁਰੇਸ਼ (ਕਾਂਗਰਸ), ਅਨੁਰਾਗ ਠਾਕੁਰ (ਭਾਜਪਾ) ਅਤੇ ਲਾਲਜੀ ਵਰਮਾ (ਸਪਾ) ਮੈਂਬਰ ਵਜੋਂ ਸ਼ਾਮਲ ਹੋਣਗੇ।

Leave a Reply

Your email address will not be published. Required fields are marked *