ਚੰਡੀਗੜ੍ਹ, ਪੰਜਾਬ ਵਿੱਚ ਅੱਜ ਸਵੇਰੇ ਮੀਂਹ ਦੇ ਨਾਲ ਮੌਨਸੂਨ ਨੇ ਸੂਬੇ ਭਰ ਵਿੱਚ ਦਸਤਕ ਦੇ ਦਿੱਤੀ ਹੈ। ਅੱਜ ਤੜਕਸਾਰ ਸ਼ੁਰੂ ਹੋਏ ਮੀਂਹ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਦੁਪਹਿਰ ਸਮੇਂ ਧੁੱਪ ਹੋਣ ਕਾਰਨ ਗਰਮੀ ਵਿੱਚ ਹੁੰਮਸ ਵਧ ਗਈ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਮਾਲਵਾ ਖਿੱਤੇ ਵਿੱਚ ਹਲਕਾ ਅਤੇ ਪੁਆਧੀ ਇਲਾਕੇ ਵਿੱਚ ਭਾਰੀ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਭਰ ਵਿੱਚ 3 ਜੁਲਾਈ ਨੂੰ ਵੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸਵੇਰ ਸਮੇਂ ਗੁਰਦਾਸਪੁਰ ਤੇ ਬਠਿੰਡਾ ਇਲਾਕੇ ਵਿੱਚ ਮੱਧਮ ਮੀਂਹ ਪਿਆ। ਮਗਰੋਂ ਚੰਡੀਗੜ੍ਹ, ਲੁਧਿਆਣਾ, ਮੁਹਾਲੀ, ਰੋਪੜ ਤੇ ਹੋਰ ਆਲੇ-ਦੁਆਲੇ ਇਲਾਕੇ ਵਿੱਚ ਭਾਰੀ ਮੀਂਹ ਪਿਆ। ਮੀਂਹ ਪੈਣ ਕਰਕੇ ਚੰਡੀਗੜ੍ਹ, ਮੁਹਾਲੀ ਤੇ ਰੂਪਨਗਰ ਦੀਆਂ ਸੜਕਾਂ ’ਤੇ ਪਾਣੀ ਭਰ ਗਿਆ। ਇਸ ਦੇ ਨਾਲ ਹੀ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਵੀ ਪਾਣੀ ਖੜ੍ਹਾ ਹੋ ਗਿਆ। ਸੜਕਾਂ ’ਤੇ ਪਾਣੀ ਖੜ੍ਹਨ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ 28.3 ਐੱਮਐੱਮ, ਮੁਹਾਲੀ ਵਿੱਚ 21.5 , ਰੂਪਨਗਰ ਵਿੱਚ 15.5, ਬਠਿੰਡਾ ਵਿੱਚ 4, ਗੁਰਦਾਸਪੁਰ ਵਿੱਚ 4.7, ਲੁਧਿਆਣਾ ਵਿੱਚ 9.6, ਅੰਮ੍ਰਿਤਸਰ ਵਿੱਚ 0.4 ਐੱਮਐੱਮ ਮੀਂਹ ਪਿਆ ਹੈ। ਸਵੇਰ ਸਮੇਂ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਵੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 36 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 39.4, ਲੁਧਿਆਣਾ ਵਿੱਚ 37.4, ਪਟਿਆਲਾ ਵਿੱਚ 37.2, ਪਠਾਨਕੋਟ ਵਿੱਚ 37.8, ਬਠਿੰਡਾ ਏਅਰਪੋਰਟ ’ਤੇ 41.7, ਫਰੀਦਕੋਟ ਵਿੱਚ 38.5, ਗੁਰਦਾਸਪੁਰ ਵਿੱਚ 37.5, ਨਵਾਂ ਸ਼ਹਿਰ ਵਿੱਚ 34, ਬਰਨਾਲਾ ਵਿੱਚ 36.5, ਫਰੀਦਕੋਟ ਵਿੱਚ 42.3, ਫ਼ਤਹਿਗੜ੍ਹ ਸਾਹਿਬ ਵਿੱਚ 36, ਫਿਰੋਜ਼ਪੁਰ ਵਿੱਚ 42.6, ਜਲੰਧਰ ਵਿੱਚ 37.4, ਮੋਗਾ ਵਿੱਚ 37.7, ਮੁਹਾਲੀ ਵਿੱਚ 35.4, ਰੂਪਨਗਰ ਵਿੱਚ 35.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।