ਨਵੀਂ ਦਿੱਲੀ, ਪਹਿਲੇ ਹੱਲੇ ਨੇ ਹੀ ਦਿੱਲੀ ਨਗਰ ਨਿਗਮ ਦੀਆਂ ਮੌਨਸੂਨ ਸਬੰਧੀ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਦਿੱਲੀ ਦੇ ਕਈ ਅਹਿਮ ਇਲਾਕਿਆਂ ਵਿੱਚ ਸੜਕਾਂ, ਅੰਡਰਪਾਸ ਅਤੇ ਮੈਟਰੋ ਸਟੇਸ਼ਨਾਂ ਕੋਲ ਪਾਣੀ ਭਰ ਗਿਆ। ਦੋ ਸਾਲ ਪਹਿਲਾਂ ਆਈਟੀਓ ਇਲਾਕੇ ਵਿੱਚ ਕਈ ਫੁੱਟ ਪਾਣੀ ਭਰ ਗਿਆ ਸੀ ਤੇ ਇਸ ਵਾਰ ਵੀ ਆਈਟੀਓ ਨੇੜੇ ਹੀ ਪਾਣੀ ਦਾ ਜ਼ੋਰ ਦੇਖਿਆ ਗਿਆ। ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਵੀਡੀਓ ਮੁਤਾਬਕ ਦਿੱਲੀ ਵਿੱਚ ਪਹਿਲੇ ਹੀ ਮੀਂਹ ਨੇ ਥਾਂ-ਥਾਂ ਪਾਣੀ ਭਰ ਦਿੱਤਾ ਹੈ ਅਤੇ ਨੀਵੇਂ ਇਲਾਕਿਆਂ ਵਿੱਚ ਲੋਕ ਭਰੇ ਪਾਣੀ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਕਈ ਘਰਾਂ ਵਿੱਚ ਵੀ ਪਾਣੀ ਭਰਨ ਦੀਆਂ ਖਬਰਾਂ ਹਨ। ਵਿਰੋਧੀ ਧਿਰ ਭਾਜਪਾ ਨੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਸਮੇਤ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੇ ਇਲਾਕੇ ਵਿੱਚ ਭਰੇ ਪਾਣੀ ਦਾ ਮੁੱਦਾ ਉਠਾਉਂਦੇ ਹੋਏ ਇਸ ਦੀ ਆਲੋਚਨਾ ਕੀਤੀ ਹੈ।
ਆਈਟੀਓ ਵਿੱਚ ਪਾਣੀ ਭਰਨ ਨਾਲ ਟਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਆਈਟੀਓ ਚੌਕ ਤੋਂ ਰਿੰਗ ਰੋਡ ਦੇ ਫਲਾਈਓਵਰ ਤੱਕ ਕਰੀਬ ਇੱਕ-ਇੱਕ ਫੁੱਟ ਪਾਣੀ ਭਰ ਗਿਆ ਸੀ। ਇਸੇ ਤਰ੍ਹਾਂ ਮਿੰਟੋ ਬ੍ਰਿਜ ਦੇ ਹੇਠਾਂ ਵੀ ਦੋ ਸਾਲ ਬਾਅਦ 10 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਰ ਕੇ ਇਸ ਅੰਡਰਪਾਸ ਹੇਠਿਓਂ ਸੜਕੀ ਆਵਾਜਾਈ ਰੋਕ ਦਿੱਤੀ ਗਈ। ਆਤਿਸ਼ੀ ਦੇ ਹੀ ਇਲਾਕੇ ਗੋਬਿੰਦਪੁਰੀ ਵਿੱਚ ਇੱਥੋਂ ਦੇ ਮੈਟਰੋ ਸਟੇਸ਼ਨ ਹੇਠਾਂ ਵੀ ਪਾਣੀ ਭਰ ਗਿਆ। ਹਾਲਾਂਕਿ, ਕੁਝ ਦਿਨ ਪਹਿਲਾਂ ਹੀ ਇੱਥੋਂ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਨਾਲੀਆਂ ਸਾਫ ਕੀਤੀਆਂ ਗਈਆਂ ਸਨ।