ਬਰਨਾਲਾ : ਬਰਨਾਲਾ ‘ਚ ਵੀਰਵਾਰ ਸਵੇਰੇ ਕਰੀਬ 7 ਵਜੇ ਤੋਂ ਪੈ ਰਹੇ ਮੀਂਹ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਮੌਸਮ ਖੁਸ਼ਗਵਾਰ ਹੋ ਗਿਆ। ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਸ਼ਹਿਰ ’ਚ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਸੀ। ਬਿਜਲੀ ਕੱਟਾਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਗਏ ਸਨ ਤੇ ਪੰਜਾਬ ਸਰਕਾਰ ਤੇ ਪਾਵਰਕਾਮ ਨੂੰ ਕੋਸ ਰਹੇ ਸਨ। ਕਈ ਖੇਤਰਾਂ ’ਚ ਤਾਂ ਲੋਕਾਂ ਨੂੰ 14 ਘੰਟੇ ਤੋਂ ਵੱਧ ਸਮੇਂ ਬਿਨਾਂ ਬਿਜਲੀ ਦੇ ਰਹਿਣਾ ਪਿਆ। ਬੀਤੇ ਦਿਨ ਮੌਸਮ ਵਿਭਾਗ ਨੂੰ ਪੰਜਾਬ ’ਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਸੀ।
ਵੀਰਵਾਰ ਸਵੇਰੇ ਸ਼ਹਿਰ ’ਚ ਤੇਜ਼ ਬਾਰਿਸ਼ ਨਾਲ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਸਣੇ ਜਿਆਦਾਤਰ ਗਲੀਆਂ/ਮੁਹੱਲਿਆਂ ‘ਚ ਪਾਣੀ ਖੜ੍ਹ ਗਿਆ। ਬਾਰਿਸ਼ ਪੈਣ ਨਾਲ ਮੌਸਮ ਸੁਹਾਵਨਾ ਹੋਇਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਦੇ ਅਨੁਸਾਰ ਸ਼ਹਿਰ ’ਚ 34 ਡਿਗਰੀ ਦੇ ਲਗਭਗ ਤਾਪਮਾਨ ਨੋਟ ਕੀਤਾ ਤੇ ਮੀਂਹ ਪੈਣ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਆਈ।