ਨਵੀਂ ਦਿੱਲੀ : ਹਰਿਆਣਾ ਸਰਕਾਰ ਤੋਂ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੀ ਦਿੱਲੀ ਦੇ ਜਲ ਮੰਤਰੀ ਆਤਿਸ਼ੀ ਦੀ ਸਿਹਤ ਅੱਜ ਪੰਜਵੇਂ ਦਿਨ ਵਿਗੜ ਗਈ। ਇਸ ‘ਤੇ ਮੰਗਲਵਾਰ ਤੜਕੇ ਉਨ੍ਹਾਂ ਨੂੰ ਦਿੱਲੀ ਦੇ ਲੋਕਨਾਇਕ ਹਸਪਤਾਲ (LNJP) ਦੇ ਆਈਸੀਯੂ ਵਾਰਡ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਤਾਜ਼ਾ ਜਾਣਕਾਰੀ ਮੁਤਾਬਕ ਆਤਿਸ਼ੀ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਖਤਮ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪਾਣੀ ਮੁਹੱਈਆ ਕਰਵਾਉਣ ਲਈ ਜਲ ਮੰਤਰੀ ਆਤਿਸ਼ੀ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ ‘ਤੇ ਸਨ। ਦਿੱਲੀ ਨੂੰ ਹਰਿਆਣਾ ਸਰਕਾਰ ਤੋਂ 613 ਐਮਜੀਡੀ ਪਾਣੀ ਮਿਲਣਾ ਚਾਹੀਦਾ ਸੀ ਪਰ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਨੂੰ ਲਗਾਤਾਰ 100 ਐਮਜੀਡੀ ਤੋਂ ਵੀ ਘੱਟ ਪਾਣੀ ਮਿਲ ਰਿਹਾ ਹੈ। ਇਸ ਕਾਰਨ 28 ਲੱਖ ਤੋਂ ਵੱਧ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਆਤਿਸ਼ੀ ਨੇ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਸਹੀ ਪਾਣੀ ਦਿਵਾਉਣ ਲਈ ਕਈ ਯਤਨ ਕੀਤੇ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਉਸ ਨੇ ਭੁੁੁੱਖ ਹੜਤਾਲ ਸ਼ੁਰੂ ਕਰ ਦਿੱਤੀ।